
ਅਸਥੀਆਂ 'ਚੋਂ ਕੈਂਚੀ ਮਿਲਣ ਦੇ ਮਾਮਲੇ ਦੀ ਜਾਂਚ ਸ਼ੁਰੂ
ਪੀੜਤ ਪਰਵਾਰ ਸਮੇਤ ਡਾਕਟਰ ਤੇ ਸਿਹਤ ਮੁਲਾਜ਼ਮਾਂ ਦੇ ਬਿਆਨ ਕਲਮਬੰਦ
ਮੋਗਾ, 12 ਨਵੰਬਰ (ਅਰੁਣ ਗੁਲਾਟੀ) : ਮੋਗਾ ਦੇ ਸਿਵਲ ਹਸਪਤਾਲ ਵਿਚ ਆਏ ਦਿਨ ਹੀ ਕੋਈ ਨਾ ਕੋਈ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਅਤੇ ਵਿਵਾਦਾਂ ਨਾਲ ਇਸ ਹਸਪਤਾਲ ਦਾ ਨਾਤਾ ਜੁੜਿਆ ਰਹਿੰਦਾ ਹੈ। ਤਾਜਾ ਮਾਮਲਾ ਨਜ਼ਦੀਕੀ ਪਿੰਡ ਬੁੱਧ ਸਿੰਘ ਵਾਲਾ ਵਿਖੇ ਮਹਿਲਾ ਦੇ ਅੰਤਮ ਸਸਕਾਰ ਤੋਂ ਬਾਅਦ ਅਸਥੀਆਂ 'ਚੋਂ ਕੈਂਚੀ ਮਿਲਣ ਦਾ ਸਾਹਮਣੇ ਆਇਆ ਹੈ। ਮਾਮਲੇ 'ਚ ਡਾਇਰੈਕਟਰ ਹੈਲਥ ਨੇ ਗੰਭੀਰਤਾ ਦਿਖਾਉਂਦੇ ਹੋਏ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਵੀਰਵਾਰ ਨੂੰ ਤਿੰਨ ਮੈਂਬਰੀ ਜਾਂਚ ਕਮੇਟੀ ਮੋਗਾ ਦੇ ਸਿਵਲ ਹਸਪਤਾਲ ਵਿਚ ਉਕਤ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੀ। ਟੀਮ ਦੇ ਮੁਖੀ ਡਾ. ਸੱਤਪਾਲ ਨੇ ਦਸਿਆ ਕਿ ਉਨ੍ਹਾਂ ਵਲੋਂ ਪੁਲਿਸ ਕੋਲੋਂ ਅਸਥੀਆਂ 'ਚੋਂ ਮਿਲੀ ਕੈਂਚੀ ਸਿਵਲ ਹਸਪਤਾਲ ਵਿਚ ਮੰਗਵਾਈ ਹੈ।
ਜ਼ਿਕਰਯੋਗ ਹੈ ਕਿ ਥਾਣਾ ਚੜਿੱਕ ਦੇ ਅਧੀਨ ਪੈਦੇ ਪਿੰਡ ਬੁੱਧ ਸਿੰਘ ਵਾਲਾ ਦੀ ਗੀਤਾ (ਗਰਭਵਤੀ ਔਰਤ) ਵਲੋਂ ਕੁਝ ਦਿਨ ਪਹਿਲਾਂ ਪ੍ਰਸੂਤਾ ਲਈ ਸਿਜ਼ੇਰੀਅਨ ਅਪ੍ਰੇਸ਼ਨ ਨਾਲ ਸਿਵਲ ਹਸਪਤਾਲ ਮੋਗਾ ਵਿਖੇ ਇਕ ਬੱਚੀ ਨੂੰ ਜਨਮ ਦਿਤਾ ਸੀ ਅਤੇ ਦੋ ਦਿਨ ਬਾਅਦ ਔਰਤ ਦੀ ਤਬੀਅਤ ਅਚਾਨਕ ਖ਼ਰਾਬ ਹੋਣ 'ਤੇ ਮੋਗਾ ਸਿਵਲ ਹਸਪਤਾਲ ਦੀ ਡਾਕਟਰ ਵਲੋਂ ਔਰਤ ਨੂੰ ਫ਼ਰੀਦਕੋਟ ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿਤਾ ਗਿਆ ਸੀ। ਜਿਥੇ ਕਿ ਇਲਾਜ ਦੌਰਾਨ 9 ਨਵੰਬਰ ਨੂੰ ਔਰਤ ਦੀ ਮੌਤ ਹੋ ਗਈ। ਪਰਵਾਰ ਵਲੋਂ ਉਸਦਾ ਅੰਤਮ ਸਸਕਾਰ ਕਰ ਦਿੱਤਾ ਅਤੇ ਮੰਗਲਵਾਰ ਦੀ ਸਵੇਰ ਜਦ ਪਰਵਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਔਰਤ ਦੀਆਂ ਅਸਥੀਆਂ ਚੁਗਣ ਲਈ ਗਿਆ ਤਾਂ ਅਸਥੀਆਂ ਵਿਚੋਂ ਇਕ ਡਾਕਟਰੀ ਕੈਂਚੀ ਮਿਲੀ। ਪਰਵਾਰ ਨੇ ਇਸ ਦੀ ਜਾਣਕਾਰੀ ਤੁਰਤ ਥਾਣਾ ਚੜਿੱਕ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਤੀ ਸੀ। ਜਾਣਕਾਰੀ ਮੁਤਾਬਕ ਮੋਗਾ ਵਿਚ ਤਿੰਨ ਮੈਂਬਰੀ ਜਾਂਚ ਟੀਮ ਵਲੋਂ ਬੁੱਧ ਸਿੰਘ ਵਾਲਾ ਨਿਵਾਸੀ ਪੀੜਤ ਪਰਵਾਰ ਅਤੇ ਮੋਗਾ ਦੇ ਸਿਵਲ ਹਸਪਤਾਲ ਵਿਚ ਮਹਿਲਾ ਡਾਕਟਰ ਅਤੇ ਆਪ੍ਰੇਸ਼ਨ ਕਰਨ ਵਾਲੇ ਪੂਰੇ ਸਟਾਫ਼ ਦੇ ਬਿਆਨ ਕਲਮਬੰਦ ਕੀਤੇ ਗਏ।
ਜਾਂਚ ਟੀਮ ਮੁਤਾਬਕ ਮੋਗਾ ਤੋਂ ਬਾਅਦ ਜਾਂਚ ਕਮੇਟੀ ਫ਼ਰੀਦਕੋਟ ਵੀ ਮਹਿਲਾ ਦਾ ਉਪਚਾਰ ਕਰਨ ਵਾਲੀ ਡਾਕਟਰ ਅਤੇ ਸਟਾਫ਼ ਦੇ ਬਿਆਨ ਦਰਜ ਕਰਨ ਲਈ ਜਾਏਗੀ।image