
ਅਰਨਬ ਦੀ ਜ਼ਮਾਨਤ 'ਤੇ ਬੋਲੀ ਮਹਿਬੂਬਾ ਮੁਫ਼ਤੀ
ਜੇਲ ਵਿਚ ਬੰਦ ਸੈਂਕੜੇ ਕਸ਼ਮੀਰੀਆਂ ਦੀ ਸੁਣਵਾਈ ਕਿਉਂ ਨਹੀਂ?
ਸ਼੍ਰੀਨਗਰ, 12 ਨਵੰਬਰ: ਟੀਵੀ ਸੰਪਾਦਕ ਅਰਨਬ ਗੋਸਵਾਮੀ ਮਾਮਲੇ 'ਚ ਸੁਤੰਤਰਤਾ ਦੇ ਅਧਿਕਾਰ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਹਿਮਤੀ ਪ੍ਰਗਟਾਉਂਦਿਆਂ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਵਾਲ ਕੀਤਾ ਹੈ। ਮੁਫ਼ਤੀ ਨੇ ਕਿਹਾ ਕਿ ਦੋਸ਼ਾਂ ਤਹਿਤ ਜੇਲਾਂ 'ਚ ਬੰਦ ਸੈਂਕੜੇ ਕਸ਼ਮੀਰੀਆਂ ਅਤੇ ਪੱਤਰਕਾਰਾਂ ਦੀ ਰਿਹਾਈ 'ਤੇ ਤੁਰਤ ਕਾਰਵਾਈ ਕਿਉਂ ਨਹੀਂ ਹੋ ਰਹੀ।
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮੁਫ਼ਤੀ ਨੇ ਟਵੀਟ ਕਰ ਕੇ ਕਿਹਾ ਕਿ ਸੁਤੰਤਰਤਾ ਦੇ ਅਧਿਕਾਰ 'ਤੇ ਸੁਪਰੀਮ ਕੋਰਟ ਦੇ ਗੁੱਸੇ ਤੋਂ ਸਹਿਮਤ ਹਨ ਪਰ ਇਸ ਗੱਲ ਦਾ ਵੱਡਾ ਦੁੱਖ ਹੈ ਅਤੇ ਨਾਰਾਜ਼ਗੀ ਵੀ ਹੈ ਕਿ ਹੁਣ ਵੀ ਆਧਾਰਹੀਣ ਦੋਸ਼ਾਂ ਤਹਿਤ ਸੈਂਕੜੇ ਕਸ਼ਮੀਰੀ ਅਤੇ ਪੱਤਰਕਾਰ ਜੇਲਾਂ 'ਚ ਬੰਦ ਹਨ। ਅਦਾਲਤ ਦੇ ਫ਼ੈਸਲੇ ਨੂੰ ਭੁੱਲ ਜਾਉ, ਉਨ੍ਹਾਂ ਦੀ ਅਜੇ ਤਕ ਸੁਣਵਾਈ ਵੀ ਨਹੀਂ ਹੋਈ। ਉਨ੍ਹਾਂ ਦੀ ਆਜ਼ਾਦੀ ਲਈ ਕਿਉਂ ਨਹੀਂ ਕੋਈ ਆਵਾਜ਼ ਚੁਕਦਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਗੱਸਤ ਨੂੰ ਮਹਿਬੂਬਾ ਨਾਲ ਦੋ ਹੋਰ ਸਾਬਕਾ ਮੁੱਖ ਮੰਤਰੀ ਡਾ. ਫ਼ਰੂਕ ਅਬਦੁੱਲਾ ਅਤੇ
ਉਨ੍ਹਾਂ
ਦੇ ਬੇਟੇ ਉਮਰ ਅਬਦੁੱਲਾ ਤੋਂ ਇਲਾਵਾ ਸੈਂਕੜੇ ਸਾਬਕਾ ਮੰਤਰੀ, ਵਿਧਾਇਕ ਅਤੇ ਵੱਖ-ਵੱਖ ਮੁੱਖ ਸਿਆਸੀ ਪਾਰਟੀਆਂ ਅਤੇ ਵੱਖਵਾਦੀ ਸੰਗਠਨਾਂ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਬਾਅਦ ਵਿਚ ਕੇਂਦਰ ਸ਼ਾਸਿਤ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਹਿਰਾਸਤ ਦੇ ਦੋਸ਼ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਸੀ। ਦਸਣਯੋਗ ਹੈ ਕਿ ਅਰਨਬ ਗੋਸਵਾਮੀ ਨੂੰ ਇੰਟੀਰੀਅਰ ਡਿਜ਼ਾਈਨਰ ਅਨਵਯ ਨਾਈਕ ਅਤੇ ਉਨ੍ਹਾਂ ਦੀ ਮਾਂ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ 4 ਨਵੰਬਰ ਨੂੰ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਫ਼ੈਸਲੇ ਨੂੰ ਪਲਟਦੇ ਹੋਏ ਬੀਤੇ ਦਿਨ ਬੁਧਵਾਰ ਨੂੰ ਅਰਨਬ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਹੈ। (ਏਜੰਸੀ)