
ਕਨੈਕਟੀਕਟ ਦੇ ਰਾਜਪਾਲ ਨੇ 1984 ਦੀ ਸਿੱਖ ਨਸਲਕੁਸ਼ੀ ਨੂੰ 'ਯਾਦ ਦਿਵਸ' ਵਜੋਂ ਮਨਾਇਆ
ਪੰਥਦਰਦੀਆਂ ਨੇ ਸਿੱਖ ਨਸਲਕੁਸ਼ੀ ਦੀ 36ਵੀਂ ਵਰ੍ਹੇਗੰਢ ਮੌਕੇ ਕਰਵਾਇਆ ਸਮਾਰੋਹ
ਕੋਟਕਪੂਰਾ, 12 ਨਵੰਬਰ (ਗੁਰਿੰਦਰ ਸਿੰਘ) : ਨਵੰਬਰ 1984 ਵਿਚ ਭਾਰਤ ਸਰਕਾਰ ਦੀ ਕਥਿਤ ਸ਼ਹਿ 'ਤੇ ਨਸਲਕੁਸ਼ੀ ਮੁਹਿੰਮ 'ਚ 30,000 ਤੋਂ ਵੱਧ ਸਿੱਖਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੋਹ-ਕੋਹ ਕੇ ਮਾਰਿਆ ਗਿਆ, ਉਨ੍ਹਾਂ ਦੇ ਕਾਰੋਬਾਰ ਤਬਾਹ ਕੀਤੇ ਗਏ, ਇਹ ਸੱਭ ਦਿੱਲੀ, ਇਸ ਦੇ ਨੇੜਲੇ ਸ਼ਹਿਰਾਂ ਅਤੇ ਸੂਬਿਆਂ ਵਿਚ ਉਦੋਂ ਵਾਪਰਿਆ ਜਦੋਂ ਦੋ ਸਿੱਖ ਅੰਗ ਰਖਿਅਕਾਂ ਨੇ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਧਾਮਾਂ ਉਤੇ ਹਮਲਾ ਕਰਨ ਲਈ, ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਅ ਦਿਤਾ ਸੀ।
ਵਰਲਡ ਸਿੱਖ ਪਾਰਲੀਮੈਂਟ ਨੇ ਕਨੈਕਟੀਕਟ ਦੇ ਸਿੱਖਾਂ ਨਾਲ ਮਿਲ ਕੇ ਸਿੱਖ ਨਸਲਕੁਸ਼ੀ ਦੀ 36ਵੀਂ ਵਰ੍ਹੇਗੰਢ ਦਾ ਯਾਦ ਸਮਾਰੋਹ 'ਯਾਦ ਦਿਵਸ' ਵਜੋਂ ਮਨਾਇਆ। ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਵਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਸੂਬੇ ਦੇ ਸੈਨੇਟਰ ਕੈਥੀ ਉਸਟਨ ਅਤੇ ਸਟੇਟ ਰੀਪਰਜ਼ੈਂਟੇਟਿਵ ਕੇਵਿਨ ਰਿਆਨ ਦੁਆਰਾ ਹਰ ਸਾਲ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ ਵਜੋਂ ਮਨਾਏ ਜਾਣ ਸਬੰਧੀ ਸਾਲ 2018 'ਚ ਬਿਲ ਪੇਸ਼ ਕੀਤਾ ਗਿਆ ਸੀ ਜਿਸ ਨੂੰ ਬਕਾਇਦਾ ਰਾਜਪਾਲ ਡੈਨ ਮਲੋਏ ਦੇ ਦਸਤਖ਼ਤਾਂ ਉਪਰੰਤ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਕਨੈਕਟੀਕਟ ਦੇ ਲੈਫ਼ਟੀਨੈਂਟ ਗਵਰਨਰ ਸੁਜ਼ਨ ਬਿਸੀਵਿਚ ਨੇ ਇਸ ਦਿਨ ਗਵਰਨਰ ਨੇਡਲਾਮੋਂਟ ਦੇ ਐਲਾਨ ਨੂੰ ਪੜ੍ਹਿਆ ਅਤੇ ਸਿੱਖ ਕੌਮ ਨਾਲ ਹਮਦਰਦੀ ਦਿਖਾਈ, ਸਟੇਟ ਸੈਨੇਟਰ ਕੈਥੀ ਉਸਟਨ, ਸੂਬੇ ਦੇ ਪ੍ਰਤੀਨਿਧੀ ਕੇਵਿਨ ਰਿਆਨ ਨੇ ਅਪਣੀ ਟਿਪਣੀ ਪ੍ਰਗਟਾਈ ਅਤੇ ਕਨੈਕਟੀਕਟ ਜਨਰਲ ਅਸੈਂਬਲੀ ਦੇ ਇਕ ਹਵਾਲੇ ਨੂੰ ਪੜ੍ਹਦਿਆਂ, ਭਾਰਤ ਸਰਕਾਰ ਦੁਆਰਾ ਕੀਤੀ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਤੀ ਅਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਅਮਰੀਕਾ ਵਿਚ ਕੋਵਿਡ-19 ਦੌਰਾਨ ਅਪਣੇ ਭਾਈਵਾਲਾਂ ਪ੍ਰਤੀ ਮਨੁੱਖਤਾਵਾਦੀ ਕੰਮਾਂ ਲਈ ਮਾਨਤਾ ਦਿਤੀ ਗਈ ਸੀ।
ਸੈਨੇਟਰ ਉਸਟਨ ਨੇ ਜ਼ੋਰ ਦੇ ਕੇ ਕਿਹਾ,''ਨਸਲਕੁਸ਼ੀ ਕਰਨ ਵਾਲੇ ਰਾਸ਼ਟਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਅਤੇ ਸਿੱਖਾਂ ਨੂੰ ਹਰ ਸਾਲ ਅਜਿਹੇ ਦਿਨ ਮਨਾਉਣੇ ਚਾਹੀਦੇ ਹਨ।'' ਨੌਰਵਿਚ ਦੇ ਮੇਅਰ ਪੀਟਰ ਨਾਈਸਟ੍ਰੋਮ ਨੇ ਅਪਣੀ ਟਿਪਣੀ 1984 ਵਿਚ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੰਦਿਆਂ ਦਿਤੀ।
ਸਿੱਖ ਕੌਮ ਨਾਲ ਏਕਤਾ 'ਚ, ਕਨੈਕਟੀਕਟ ਦੇ ਅਟਾਰਨੀ ਜਨਰਲ ਵਿਲੀਅਮ ਟੋਂਗ ਨੇ ਸਿੱਖ ਨਸਲਕੁਸ਼ੀ ਦੀ ਯਾਦ ਵਿਚ 36ਵੀਂ ਵਰ੍ਹੇਗੰਢ ਮੌਕੇ ਅਪਣਾ ਅਧਿਕਾਰਤ ਬਿਆਨ ਭੇਜਿਆ। ਸੈਨੇਟ ਦੇ ਬਹੁਗਿਣਤੀ ਨੇਤਾ ਬੌਬ ਡੱਫ, ਸਟੇਟ ਸੈਨੇਟਰ ਸੌਦ ਅਨਵਰ, ਸਟੇਟ ਪ੍ਰਤੀਨਿਧੀ ਐਮਮੇਟ ਰਿਲੀ, ਜਿਲਿਅਨ ਗਿਲਚਰੇਟ, ਲੂਸੀ ਡੇਥਨ ਅਤੇ ਜੋਸ਼ ਐਲੀਅਟ ਨੇ ਵੀ ਇਕਜੁਟਤਾ ਪ੍ਰਗਟਾਈ। ਸਵਰਨਜੀਤ ਸਿੰਘ ਖ਼ਾਲਸਾ ਮੈਂਬਰ ਬੋਰਡ ਆਫ਼ ਐਜੂਕੇਸ਼ਨ ਨੌਰਵਿਚ ਅਤੇ ਯੂ.ਐਨ.-ਐਨ.ਜੀ.ਓ. ਕੌਂਸਲ ਫ਼ਾਰ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਨੇ ਕਿਹਾ,''ਮੈਂ ਸਟੇਟ ਕੈਪੀਟਲ ਵਿਖੇ ਇਸ ਸਮਾਗਮ ਦੇ ਆਯੋਜਨ ਵਿਚ ਕਨੈਕਟੀਕਟ ਦੇ ਸਿੱਖਾਂ ਅਤੇ ਹੋਰ ਮੈਂਬਰਾਂ ਦਾ ਧਨਵਾਦ ਕਰਦਾ ਹਾਂ। ਸਾਨੂੰ ਇਸ ਸਮਾਗਮ ਦੀਆਂ ਤਿਆਰੀਆਂ ਲਈ ਤਿੰਨ ਮਹੀਨਿਆਂ ਦਾ ਸਮਾਂ ਲੱਗਾ ਹੈ।
ਵਿਸ਼ਵ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੌਰਵਿਚ ਦੇ ਮੇਅਰ ਪੀਟਰ ਨਾਈਸਟ੍ਰੋਮ ਨੂੰ ਭੇਂਟ ਕੀਤੀ ਗਈ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਨੂੰ ਪੜ੍ਹਿਆ ਅਤੇ ਸਮਾਗਮ 'ਚ ਸ਼ਾਮਲ ਹੋਣ ਲਈ ਸਾਰਿਆਂ ਦਾ ਧਨਵਾਦ ਕੀਤਾ।image
ਪੰਥਦਰਦੀਆਂ ਵਲੋਂ ਸਿੱਖ ਨਸਲਕੁਸ਼ੀ ਦੀ 36ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ ਦਾ ਦ੍ਰਿਸ਼।