ਅਣਪਛਾਤੇ ਵਾਹਨ ਵਲੋਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਫ਼ਤਿਹਗੜ੍ਹ ਸਾਹਿਬ (ਸਾਹੀ) : ਸਰਹਿੰਦ ਨੈਸ਼ਨਲ ਹਾਈਵੇ ’ਤੇ ਸਰਹਿੰਦ ਸੀਆਈਏ ਸਟਾਫ਼ ਦੇ ਨਜ਼ਦੀਕ ਵਾਪਰੇ ਇਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਨੌਜਵਾਨ ਮੋਟਰਸਾਈਕਲ ’ਤੇ ਜਾ ਰਹੇ ਸਨ, ਜਿਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਜ਼ੋਰਦਾਰ ਟੱਕਰ ਮਾਰ ਦਿਤੀ ਗਈ।
ਸੜਕ ਹਾਦਸੇ ’ਚ ਮਾਰੇ ਗਏ ਦੋਵੇਂ ਨੌਜਵਾਨਾਂ ਦੀ ਪਹਿਚਾਣ ਨਹੀਂ ਹੋ ਸਕੀ ਜਿਸ ਕਾਰਨ ਨੌਜਵਾਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਦੀ ਮੋਰਚਰੀ ਵਿਚ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਪੁਲਿਸ ਥਾਣੇ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦਸਿਆ ਕਿ ਸਰਹਿੰਦ ਸੀਆਈਏ ਸਟਾਫ਼ ਦੇ ਨਜ਼ਦੀਕ ਇਕ ਸੜਕ ਹਾਦਸਾ ਵਾਪਰਿਆ ਹੈ। ਜਦੋਂ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਕੇ ’ਤੇ ਹੀ ਮੌਤ ਹੋ ਗਈ।
