ਪੰਜਾਬ ਸੂਬੇ ਦੇ ਪਟਵਾਰੀਆਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਸਮੂਹਿਕ ਹੜਤਾਲ ਕੀਤੀ ਜਾ ਰਹੀ ਹੈ। ਸਾਰੇ ਪਟਵਾਰੀਆਂ ਨੇ...
ਅੰਮ੍ਰਿਤਸਰ (ਸਸਸ) : ਪੰਜਾਬ ਸੂਬੇ ਦੇ ਪਟਵਾਰੀਆਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਸਮੂਹਿਕ ਹੜਤਾਲ ਕੀਤੀ ਜਾ ਰਹੀ ਹੈ। ਸਾਰੇ ਪਟਵਾਰੀਆਂ ਨੇ ਹੜਤਾਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਪੁਨੀਤ ਭਾਰਦਵਾਜ ਦੇ ਰਵੱਈਏ ਦੇ ਖਿਲਾਫ਼ ਕੀਤੀ ਹੈ। ਇਹ ਸੰਘਰਸ਼ ਪਿਛਲੇ 10 ਦਿਨਾਂ ਤੋਂ ਬਠਿੰਡਾ ਵਿਚ ਪਟਵਾਰੀਆਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਮਾਇਤ ‘ਤੇ ਉੱਤਰਦੇ ਹੋਏ ਸੂਬੇ ਭਰ ਦੇ ਪਟਵਾਰੀਆਂ ਨੇ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ।
ਸੂਤਰਾਂ ਮੁਤਾਬਕ, ਪਟਵਾਰੀਆਂ ਦੇ ਦਫ਼ਤਰਾਂ ਵਿਚ ਅੱਜ ਤੇ ਕੱਲ੍ਹ ਤਾਲੇ ਲੱਗੇ ਰਹਿਣਗੇ। ਇਸ ਦੇ ਚਲਦੇ ਲੋਕਾਂ ਨੂੰ ਖੱਜਲ ਖੁਆਰੀ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਪਟਵਾਰੀਆਂ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਪੂਰੀਆਂ ਨਹੀਂ ਕਰੇਗੀ ਉਦੋਂ ਤੱਕ ਸੰਘਰਸ਼ ਇੰਝ ਹੀ ਜਾਰੀ ਰਹੇਗਾ।
ਪਟਵਾਰੀਆਂ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਡੀਸੀ ਬਠਿੰਡਾ ਵਲੋਂ ਅਪਣੀ ਗ਼ਲਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਅਤੇ ਇਸ ਦੇ ਨਾਲ ਹੀ ਇਨਕਰੀਮੈਂਟ ਸਬੰਧੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੂਬੇ ਭਰ ਦੇ ਪਟਵਾਰੀ ਇਸੇ ਤਰ੍ਹਾਂ ਹੜਤਾਲ ‘ਤੇ ਰਹਿਣਗੇ ਅਤੇ ਸੰਘਰਸ਼ ਕਰਦੇ ਰਹਿਣਗੇ।
ਪਟਵਾਰ ਯੂਨੀਅਨ ਦੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਬਕਾਇਦਾ ਰੈਵੀਨਿਊ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡੀਆਰਓ ਨੂੰ ਵੀ ਮੰਗ ਪੱਤਰ ਦੇ ਦਿਤਾ ਗਿਆ ਹੈ।