
"ਮੇਰੀ ਕੋਸ਼ਿਸ਼ ਹੈ ਕਿ ਅਜਿਹਾ ਮਾਹੌਲ ਸਿਰਜਿਆ ਜਾਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਸਕੇ "
ਚੰਡੀਗੜ੍ਹ (ਲੰਕੇਸ਼ ਤ੍ਰਿਖਾ) :ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਿਆਸੀ ਮਾਹੌਲ ਵਿਚ ਕਈ ਨਵੇਂ ਮੋੜ ਵੇਖਣ ਨੂੰ ਮਿਲ ਰਹੇ ਹਨ। ਦੁਨੀਆਂ ਭਰ ਵਿਚ ਅਪਣੀ ਗਾਇਕੀ ਦਾ ਸਿੱਕਾ ਜਮਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਵਲੋਂ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਇਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਵਲੋਂ ਮਾਨਸਾ ਦੇ ਪਿੰਡ ਮੂਸਾ ਦੇ ਰਹਿਣ ਵਾਲੇ ਸਿੱਧੂ ਮੂਸੇਵਾਲਾ ਨਾਲ ਖ਼ਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁੱਝ ਅੰਸ਼:
ਸਵਾਲ: ਤੁਹਾਡੀ ਉਮਰ ਸਿਰਫ਼ 27 ਸਾਲ ਹੈ, ਇਸ ਉਮਰ ਵਿਚ ਇਨਸਾਨ ਕ੍ਰਾਂਤੀਕਾਰੀ ਸੋਚ ਰਖਦਾ ਹੈ। ਉਹ ਸੋਚਦਾ ਹੈ ਕਿ ਮੈਂ ਸਿਸਟਮ ਬਦਲ ਦੇਵਾਂਗਾ ਪਰ ਜਦੋਂ ਉਹ ਐਂਟਰੀ ਕਰਦਾ ਹੈ ਤਾਂ ਚੀਜ਼ਾਂ ਬਦਲਦੀਆਂ ਨਜ਼ਰ ਆਉਂਦੀਆਂ ਹਨ।
ਜਵਾਬ: ਇਹ ਇਕੋ ਦਮ ਬਦਲਣ ਵਾਲੀਆਂ ਚੀਜ਼ਾਂ ਨਹੀਂ ਹਨ। ਮੈਂ ਕਦੇ ਇਹ ਨਹੀਂ ਕਹਿੰਦਾ ਕਿ ਮੈਂ ਸਾਰੀ ਦੁਨੀਆਂ ਨੂੰ ਬਦਲ ਦੇਵਾਂਗਾ ਪਰ ਸ਼ਾਇਦ ਮੇਰੇ ਆਉਣ ਨਾਲ ਕੁੱਝ ਲੋਕ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰਨਗੇ। ਮੇਰੀ ਇਹੀ ਕੋਸ਼ਿਸ਼ ਹੈ।
Sidhu Moosewala
ਸਵਾਲ: ਨੌਜਵਾਨ ਤੁਹਾਨੂੰ ਦੇਖ ਕੇ ਤੁਹਾਡੇ ਨਾਲ ਤਸਵੀਰਾਂ ਖਿਚਵਾਉਂਦੇ ਹਨ ਅਤੇ ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਤੁਹਾਡੇ ਮੋਢਿਆਂ ’ਤੇ ਭਾਰ ਬਹੁਤ ਵੱਡਾ ਹੈ?
ਜਵਾਬ: ਭਾਰ ਤਾਂ ਬਹੁਤ ਹੈ ਪਰ ਅਜੇ ਲੋਕਾਂ ਨੂੰ ਪਤਾ ਨਹੀਂ ਲਗੇਗਾ। ਜਦੋਂ ਉਹ ਮੇਰੀ ਥਾਂ ’ਤੇ ਆਉਣਗੇ ਤਾਂ ਸ਼ਾਇਦ ਉਨ੍ਹਾਂ ਨੂੰ ਦਿਖਾਈ ਦੇਵੇਗਾ ਕਿ ਇਹ ਕਿਸ ਬਾਰੇ ਗੱਲ ਕਰ ਰਿਹਾ ਹੈ। ਮੇਰੇ ਮੋਢਿਆਂ ’ਤੇ ਪਿੰਡ ਦਾ, ਪਿੰਡ ਦੇ ਲੋਕਾਂ ਦਾ, ਇਲਾਕੇ ਦਾ, ਸਾਡੀਆਂ ਤ੍ਰਾਸਦੀਆਂ ਅਤੇ ਮੇਰੀਆਂ ਭਾਵਨਾਵਾਂ ਦਾ ਭਾਰ ਹੈ ਪਰ ਮੇਰੇ ਮੋਢੇ ਇੰਨੇ ਕਮਜ਼ੋਰ ਨਹੀਂ ਕਿ ਉਹ ਇਹ ਭਾਰ ਨਾ ਚੁਕ ਸਕਣ। ਮੈਨੂੰ ਲਗਦਾ ਹੈ ਕਿ ਮੈਂ ਕਾਬਲ ਹਾਂ, ਇਸੇ ਲਈ ਮੇਰੇ ਮੋਢਿਆਂ ’ਤੇ ਇਹ ਭਾਰ ਹੈ।
ਸਵਾਲ : ਲੋਕਾਂ ਵਿਚ ਤੁਹਾਡੇ ਪ੍ਰਤੀ ਧਾਰਨਾ ਬਣੀ ਹੋਈ ਹੈ ਤੇ ਉਹ ਕਹਿੰਦੇ ਹਨ ਕਿ ਸਿੱਧੂ ਇਕ ਅਜਿਹੀ ਸ਼ਖ਼ਸੀਅਤ ਹੈ, ਜੋ ਜਿਥੇ ਜ਼ਮੀਰ ਦੀ ਗੱਲ ਹੋਵੇਗੀ, ਉਥੇ ਸਿੱਧੂ ਸਮਝੌਤਾ ਨਹੀਂ ਕਰੇਗਾ ਪਰ ਸਿਆਸਤ ਬਿਲਕੁਲ ਵਖਰੀ ਚੀਜ਼ ਹੈ, ਇਥੇ ਤੁਹਾਨੂੰ ਦੁਸ਼ਮਣ ਨੂੰ ਵੀ ਦੋਸਤ ਬਣਾਉਣਾ ਪੈਂਦਾ ਹੈ।
ਜਵਾਬ : ਸਮਝੌਤਾ ਬੰਦਿਆਂ ਨਾਲ ਕਹਾਂਗਾ ਪਰ ਸਹੀ ਅਤੇ ਗ਼ਲਤ ਵਿਚ ਕੋਈ ਸਮਝੌਤਾ ਨਹੀਂ ਕਰਾਂਗਾ। ਜਿਹੜੀ ਚੀਜ਼ ਸਹੀ ਹੈ, ਉਸ ਨੂੰ ਹਮੇਸ਼ਾ ਸਹੀ ਕਰਾਂਗਾ ਅਤੇ ਗ਼ਲਤ ਨੂੰ ਗ਼ਲਤ। ਜੇ ਮੈਂ ਸਿਆਸਤ ਵਿਚ ਆਇਆ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਲਾਲ ਬੱਤੀਆਂ ਵਾਲੀਆਂ ਗੱਡੀਆਂ ਲੈ ਲਵਾਂਗਾ ਜਾਂ ਸਕਿਉਰਿਟੀ ਲੈ ਲਵਾਂਗਾ, ਇਹ ਚੀਜ਼ਾਂ ਮੇਰੇ ਕੋਲ ਪਹਿਲਾਂ ਹੀ ਹਨ। ਮੈਂ ਅਪਣੇ ਲੋਕਾਂ ਅਤੇ ਕੁੱਝ ਸਮੱਸਿਆਵਾਂ ਲਈ ਸਿਆਸਤ ਵਿਚ ਆਇਆ ਹਾਂ।
ਸਵਾਲ : ਕਾਂਗਰਸ ਵਿਚ ਇਕ ਸੁਮੇਲ ਬਣ ਗਿਆ ਹੈ, ਇਕ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਇਕ ਪਾਸੇ ਤੁਸੀਂ ਹੋ। ਤੁਸੀਂ ਅਪਣਾ ਸੁਨੇਹਾ ਗੀਤਾਂ ਰਾਹੀਂ ਲੋਕਾਂ ਵਿਚ ਪਹੁੰਚਾ ਦਿੰਦੇ ਹੋ ਅਤੇ ਸਿੱਧੂ ਸਾਬ੍ਹ ਸ਼ਾਇਰਾਨਾ ਅੰਦਾਜ਼ ਵਿਚ ਅਪਣੀ ਗੱਲ ਕਹਿ ਦਿੰਦੇ ਹਨ। ਕਾਂਗਰਸ ਨੂੰ ਖ਼ਤਰਾ ਤਾਂ ਨਹੀਂ ਪੈਦਾ ਹੋਵੇਗਾ?
ਜਵਾਬ : ਨਹੀਂ, ਅਜਿਹੀ ਕੋਈ ਗੱਲ ਨਹੀਂ। ਸਾਰਿਆਂ ਦਾ ਆਪਸੀ ਮੇਲਜੋਲ ਵਧੀਆ ਹੋਣਾ ਚਾਹੀਦਾ ਹੈੇ। ਜੇ ਅਸੀਂ ਆਪਸ ਵਿਚ ਹੀ ਲੜੀ ਜਾਵਾਂਗੇ ਤਾਂ ਲੋਕਾਂ ਨੂੰ ਕੀ ਸੁਨੇਹਾ ਦੇਵਾਂਗੇ? ਨਵਜੋਤ ਸਿੱਧੂ ਵਧੀਆ ਇਨਸਾਨ ਹਨ, ਮੇਰਾ ਉਨ੍ਹਾਂ ਨਾਲ ਬਹੁਤ ਪਿਆਰ ਵੀ ਹੈ।ਮੈਂ ਚਾਹੰਦਾ ਹਾਂ ਕਿ ਇਹ ਸੁਮੇਲ ਲੋਕਾਂ ਲਈ ਚੰਗਾ ਸਵੇਰਾ ਲੈ ਕੇ ਆਵੇ।
Sidhu Moosewala
ਸਵਾਲ : ਸਿਆਸਤ ਵਿਚ ਐਂਟਰੀ ਤੋਂ ਬਾਅਦ ਤੁਸੀਂ ਪਹਿਲੀ ਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਇਸ ਮੁਲਾਕਾਤ ਬਾਰੇ ਸਾਨੂੰ ਦੱਸੋ?
ਜਵਾਬ : ਮੁਲਾਕਾਤ ਦੌਰਾਨ ਕੋਈ ਸਿਆਸੀ ਗੱਲ ਨਹੀਂ ਹੋਈ। ਉਨ੍ਹਾਂ ਮੇਰੇ ਬਾਰੇ ਸ਼ਾਇਦ ਸੁਣਿਆ ਹੋਵੇਗਾ ਪਰ ਉਨ੍ਹਾਂ ਮੇਰੇ ਗੀਤ ਨਹੀਂ ਸੁਣੇ ਤੇ ਨਾ ਹੀ ਮੇਰੇ ਬਾਰੇ ਜ਼ਿਆਦਾ ਜਾਣਦੇ ਹਨ। ਉਨ੍ਹਾਂ ਮੈਨੂੰ ਸਿਆਸਤ ਵਿਚ ਆਉਣ ਦਾ ਕਾਰਨ ਪੁਛਿਆ। ਮੈਂ ਦਸਿਆ ਕਿ ਲੋਕਾਂ ਨੂੰ ਕਈ ਸਾਲ ਧੱਕੇ ਖਾਂਦਿਆਂ ਨੂੰ ਹੋ ਗਏ, ਪੰਜਾਬ ਦੀ ਕਿਸੇ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਮੈਂ ਅਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਦਸਿਆ।
ਸਵਾਲ : ਕੀ ਤੁਸੀਂ ਕਾਂਗਰਸ ਦੀ ਵਿਚਾਰਧਾਰਾ ਸਮਝਣ ਦੀ ਕੋਸ਼ਿਸ਼ ਕੀਤੀ? ਕੀ ਤੁਹਾਡੀ ਸ਼ਖ਼ਸੀਅਤ ਉਸ ਵਿਚਾਰਧਾਰਾ ਨਾਲ ਤਾਲਮੇਲ ਬਿਠਾ ਸਕੇਗੀ?
ਜਵਾਬ : ਮੇਰੀ ਸ਼ਖ਼ਸੀਅਤ ਸਚਾਈ ਨਾਲ ਹੈ, ਜੇ ਕੋਈ ਕੁੱਝ ਗ਼ਲਤ ਕਰੇਗਾ ਤਾਂ ਮੈਂ ਉਸ ਨੂੰ ਗ਼ਲਤ ਹੀ ਬੋਲਾਂਗਾ। ਹਰ ਸੰਗਠਨ ਦੀ ਵਿਚਾਰਧਾਰਾ ਇਹੀ ਹੁੰਦੀ ਹੈ ਕਿ ਸਾਫ਼ ਸੁਥਰਾ ਅਕਸ ਰਖਣਾ ਅਤੇ ਸੀਨੀਅਰ ਲੀਡਰਸ਼ਿਪ ਦਾ ਕੰਮ ਜਨਤਾ ਨੂੰ ਚੰਗਾ ਸੁਨੇਹਾ ਦੇਣਾ, ਲੋਕਾਂ ਨੂੰ ਚੰਗੀ ਜੀਵਨ ਜਾਂਚ ਦੇਣਾ ਹੈ। ਮੇਰੀ ਵਿਚਾਰਧਾਰਾ ਵੀ ਇਹੀ ਹੈ। ਮੇਰੀ ਇਹੀ ਕੋਸ਼ਿਸ਼ ਹੈ ਕਿ ਅਜਿਹਾ ਮਾਹੌਲ ਸਿਰਜਿਆ ਜਾਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਸਕੇ।
ਸਵਾਲ : ਇਕ ਬਹੁਤ ਆਸਾਨ ਤਰੀਕਾ ਹੈ ਕਿ ਮੈਂ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਹਾਂ ਅਤੇ ਪੰਜਾਬ ਦੀ ਸਿਆਸਤ ਨੂੰ ਬਦਲਣਾ ਚਾਹੁੰਦਾ ਹਾਂ ਤੇ ਇਸ ਲਈ ਸਿਆਸਤ ਵਿਚ ਐਂਟਰੀ ਕੀਤੀ। ਕਿਸੇ ਨਾਲ ਕੁਝ ਨਿੱਜੀ ਗੱਲਾਂ ਵੀ ਜੁੜੀਆਂ ਹੁੰਦੀਆਂ ਹਨ, ਜਿਸ ਕਰ ਕੇ ਲਗਦਾ ਹੈ ਕਿ ਮੈਨੂੰ ਸਿਆਸਤ ਵਿਚ ਐਂਟਰੀ ਕਰ ਲੈਣੀ ਚਾਹੀਦੀ ਹੈ?
ਜਵਾਬ : ਇਹ ਕਹਿਣ ਲਈ ਬਹੁਤ ਵੱਡੀਆਂ ਗੱਲਾਂ ਹਨ,ਇਹ ਸਾਰਿਆਂ ਨੂੰ ਝੂਠ ਲਗਦਾ ਹੈ। ਪ੍ਰਮਾਤਮਾ ਦੀ ਕਿਰਪਾ ਨਾਲ ਮੇਰੇ ਕੋਲ ਸੱਭ ਕੁੱਝ ਹੈ ਪਰ ਲੋਕ ਜਿਉਣ ਨਹੀਂ ਦਿੰਦੇ। ਹਰ ਵਿਅਕਤੀ ਆ ਕੇ ਦੱਬਣ ਦੀ ਕੋਸ਼ਿਸ਼ ਕਰਦਾ ਹੈ। ਇਹ ਉਹ ਲੋਕ ਹਨ ਜੋ ਕਾਬਲੀਅਤ ਵਿਚ ਸਾਥੋਂ ਕਿਤੇ ਜ਼ਿਆਦਾ ਘੱਟ ਹਨ। ਜੇਕਰ ਅਸੀਂ ਕਿਸੇ ਹੋਰ ਲਈ ਪ੍ਰਚਾਰ ਕਰ ਸਕਦੇ ਹਾਂ ਜੋ ਗ਼ਲਤ ਹੈ ਅਤੇ ਭਿ੍ਰਸ਼ਟ ਹੈ ਤਾਂ ਮੈਂ ਅਪਣੇ ਲਈ ਕਿਉਂ ਨਾ ਪ੍ਰਚਾਰ ਕਰਾਂ? ਅੱਜ ਤਕ ਕਈ ਕਲਾਕਾਰ ਆਏ, ਸਾਰਿਆਂ ਨੇ ਅਪਣੀ ਉਮਰ ਲੰਘਾ ਕੇ ਪਾਰਟੀਆਂ ਜੁਆਇਨ ਕਰੀਆਂ। ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ।
Sidhu Moosewala with congress leaders
ਸਵਾਲ : ਤੁਹਾਨੂੰ ਚਰਨਜੀਤ ਸਿੰਘ ਚੰਨੀ ਬਹੁਤ ਪਸੰਦ ਹਨ?
ਜਵਾਬ : ਮੈਂ ਉਨ੍ਹਾਂ ਨੂੰ ਸਿਰਫ਼ ਇਕ ਵਾਰ ਹੀ ਮਿਲਿਆ ਹਾਂ। ਅਸੀਂ ਕਿਸੇ ਦੇ ਅੰਦਰ ਦੀ ਗੱਲ਼ ਨਹੀਂ ਜਾਣ ਸਕਦੇ। ਉਨ੍ਹਾਂ ਦੀ ਇਹ ਚੀਜ਼ ਚੰਗੀ ਲਗਦੀ ਹੈ ਕਿ ਉਹ ਨਿਮਰ ਹਨ, ਸਾਰਿਆਂ ਨੂੰ ਮਿਲਦੇ ਹਨ। ਉਨ੍ਹਾਂ ਕੰਮ ਵੀ ਵਧੀਆ ਕੀਤੇ। ਉਨ੍ਹਾਂ ਤਕ ਕੋਈ ਵੀ ਅਸਾਨੀ ਨਾਲ ਪਹੁੰਚ ਸਕਦਾ ਹੈ, ਤੁਸੀਂ ਉਨ੍ਹਾਂ ਨੂੰ ਕਦੀ ਵੀ ਬੁਲਾ ਸਕਦੇ ਹੋ।
ਸਵਾਲ : ਤੁਸੀਂ ਸਿਰਫ਼ 27 ਸਾਲ ਦੇ ਹੋ, ਤੁਹਾਡੀ ਜ਼ਿੰਦਗੀ ਬਹੁਤ ਜਲਦੀ ਬਦਲੀ ਹੈ। ਪਹਿਲਾਂ ਦੋਸਤਾਂ ਨਾਲ ਸਟੂਡੀਉ ਜਾਂਦੇ ਹੋਵੋਗੇ ਤੇ ਹੁਣ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ ਅਤੇ ਹੋਰ ਆਗੂ ਤੁਹਾਨੂੰ ਹਵਾਈ ਜਹਾਜ਼ ਵਿਚ ਬਿਠਾ ਕੇ ਰਾਹੁਲ ਗਾਂਧੀ ਨੂੰ ਮਿਲਵਾਉਣ ਲਈ ਲੈ ਕੇ ਜਾਂਦੇ ਹਨ, ਚੀਜ਼ਾਂ ਬਦਲ ਗਈਆਂ?
ਜਵਾਬ : ਜਹਾਜ਼ ਵਿਚ ਮੈਂ ਕੋਈ ਪਹਿਲੀ ਵਾਰ ਨਹੀਂ ਬੈਠਿਆ ਪਰ ਹਾਂ ਜ਼ਿੰਦਗੀ ਦੀ ਇਕ ਨਵੀਂ ਪਾਰੀ ਸ਼ੁਰੂ ਕੀਤੀ ਹੈ। ਪਹਿਲੇ ਦਿਨ ਮੈਨੂੰ ਬਹੁਤ ਘਬਰਾਹਟ ਵੀ ਹੋ ਰਹੀ ਸੀ, ਦਿਮਾਗ ਵਿਚ ਕਾਫ਼ੀ ਕੁਝ ਚੱਲ ਰਿਹਾ ਸੀ। ਵੱਡਾ ਕਦਮ ਸੀ ਅਤੇ ਇਸ ਵਿਚ ਰਿਸਕ ਵੀ ਬਹੁਤ ਹੈ। ਕਈ ਲੋਕ ਗੱਲ ਕਰ ਰਹੇ ਸੀ ਕਿ ਫ਼ੋਲੋਅਰਜ਼ ਵੀ ਘਟ ਹੋ ਗਏ ਹਨ। ਚੰਗਾ ਹੈ ਘਟ ਗਏ। ਜਿਨ੍ਹਾਂ ਨੇ ਜਾਣਾ ਸੀ ਚਲੇ ਗਏ।
ਸਵਾਲ : ਲੋਕ ਕਹਿੰਦੇ ਨੇ ਕਿ ਤੁਸੀਂ ਕੁੱਝ ਪੋਸਟਾਂ ਵੀ ਡਿਲੀਟ ਕੀਤੀਆਂ?
ਜਵਾਬ : ਹਾਂ, ਇਹ ਕੋਈ ਪਹਿਲੀ ਵਾਰ ਨਹੀਂ। ਇਕ ਪੋਸਟ ਨਹੀਂ ਡਿਲੀਟ ਕੀਤੀ, ਕਈ ਪੋਸਟਾਂ ਕੀਤੀਆਂ। ਇਹ ਮੈਂ ਸਮੇਂ-ਸਮੇਂ ਬਾਅਦ ਕਰਦਾ ਰਹਿੰਦਾ ਹਾਂ। ਮੈਂ ਉਹਨਾਂ ਨੂੰ ਆਰਕਾਈਵ ਕਰਦਾ ਰਹਿੰਦਾ ਹਾਂ, ਡਿਲੀਟ ਨਹੀਂ ਕਰਦਾ।
ਸਵਾਲ : ਸਿੱਧੂ ਮੂਸੇਵਾਲਾ ਨੂੰ ਵੋਟਾਂ ਕਾਂਗਰਸ ਕਰ ਕੇ ਪੈਣਗੀਆਂ ਜਾਂ ਅਪਣੇ ਸੰਘਰਸ਼ ਕਰ ਕੇ ਪੈਣਗੀਆਂ? ਕਾਂਗਰਸ ਨੇ ਤੁਹਾਨੂੰ ਕਿਉਂ ਚੁਣਿਆ?
ਜਵਾਬ : ਉਨ੍ਹਾਂ ਨੂੰ ਲਗਦਾ ਹੋਵੇਗਾ ਕਿ ਸਮਰਥ ਹਾਂ। ਮੇਰੇ ਚਾਹੁਣ ਵਾਲੇ ਬਹੁਤ ਨੇ ਤੇ ਮੈਨੂੰ ਬਹੁਤ ਲੋਕ ਪਿਆਰ ਕਰਦੇ ਹਨ। ਲੋਕ ਅਪਣੇ ਨਾਂਅ ਦੀ ਵਰਤੋਂ ਅਪਣੇ ਬੱਚਿਆਂ ਲਈ ਕਰਦੇ ਨੇ। ਜੇਕਰ ਮੈਂ ਅਪਣੇ ਲੋਕਾਂ ਲਈ ਅਪਣਾ ਨਾਂਅ ਵਰਤ ਲਵਾਂਗਾ ਤਾਂ ਕੀ ਹੋ ਜਾਊਗਾ। ਜੇ ਤੁਸੀਂ ਕੁੱਝ ਕਰਨ ਦੀ ਇੱਛਾ ਸ਼ਕਤੀ ਰਖਦੇ ਹੋ ਤਾਂ ਤੁਹਾਨੂੰ ਨਤੀਜੇ ਵੀ ਮਿਲਣਗੇ।
Sidhu Moosewala
ਸਵਾਲ : ਮੈਂ ਜਿੱਤਾਂਗਾ ਇਹ ਹੈ ਜਾਂ ?
ਜਵਾਬ : ਮੈਂ ਤਾਂ ਕਿਹਾ ਹੀ ਨਹੀਂ ਕਿ ਮੈਂ ਜਿੱਤਾਂਗਾ ਜਾਂ ਹਾਰਾਂਗਾ। ਮੈਂ ਇਹ ਵੀ ਨਹੀਂ ਕਿਹਾ ਕਿ ਮੈਂ ਚੋਣਾਂ ਵਿਚ ਖੜਾਂਗਾ।
ਸਵਾਲ : ਸੁਣਨ ਵਿਚ ਆਇਆ ਹੈ ਕਿ ਤੁਸੀਂ ਕਾਂਗਰਸ ਦੇ ਪ੍ਰਚਾਰ ਲਈ ਗੀਤ ਵੀ ਲਿਖ ਰਹੇ ਹੋ?
ਜਵਾਬ : ਨਹੀਂ, ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ। ਬਾਕੀ ਮੇਰੇ ਚਾਹੁਣ ਵਾਲਿਆਂ ਲਈ ਗੀਤ ਬਣਦੇ ਰਹਿਣਗੇ।
ਸਵਾਲ : ਤੁਹਾਡੇ ਮਾਤਾ-ਪਿਤਾ ਲਈ ਵੀ ਇਹ ਵੱਡਾ ਫ਼ੈਸਲਾ ਰਿਹਾ ਹੋਵੇਗਾ?
ਜਵਾਬ : ਉਨ੍ਹਾਂ ਤਿੰਨ ਸਾਲ ਬਹੁਤ ਕੁੱਝ ਝਲਿਆ। ਉਨ੍ਹਾਂ ਨੂੰ ਪਤਾ ਹੈ ਮੈਂ ਕਿਉਂ ਕਰ ਰਿਹਾਂ। ਉਹ ਸੱਭ ਜਾਣਦੇ ਹਨ। ਜੇ ਫ਼ਾਲੋਅਰਜ਼ ਘਟੇ ਹਨ ਤਾਂ ਵੀ ਕੀ ਹੋ ਗਿਆ। ਜੇ ਤੁਸੀਂ ਕੋਈ ਕਰੜਾ ਫ਼ੈਸਲਾ ਲੈਂਦੇ ਹੋ ਤਾਂ ਉਸ ਦੇ ਨਤੀਜੇ ਭੁਗਤਣ ਦੀ ਹਿੰਮਤ ਵੀ ਰਖੋ।
ਸਵਾਲ : ਸਵਾਲ : ਤੁਹਾਨੂੰ ਪਹਿਲਾਂ ਵੀ ਕਾਂਗਰਸ ਵਿਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਸੀ, ਚਾਹੇ ਉਹ ਕੈਪਟਨ ਸਾਬ੍ਹ ਦਾ ਦੌਰ ਰਿਹਾ ਹੋਵੇ?
ਜਵਾਬ : ਮੈਂ ਉਹੀ ਕਹਿ ਰਿਹਾ ਹਾਂ। ਕਲ ਉਨ੍ਹਾਂ ਬਿਆਨ ਦਿਤਾ ਕਿ ਤੁਸੀਂ ਗੈਂਗਸਟਰ ਨੂੰ ਪਾਰਟੀ ਵਿਚ ਲੈ ਆਏ। ਮੈਂ ਉਨ੍ਹਾਂ ਲਈ ਮੰਨ ਲੈਂਦਾ ਹਾਂ ਕਿ ਮੈਂ ਗੈਂਗਸਟਰ ਹਾਂ ਪਰ ਸਾਢੇ ਚਾਰ ਸਾਲ ਉਨ੍ਹਾਂ ਦੀ ਸਰਕਾਰ ਸੀ ਮੈਨੂੰ ਫੜਿਆ ਕਿਉਂ ਨਹੀਂ? ਮੈਨੂੰ ਸਿਸਵਾਂ ਫ਼ਾਰਮ ਵੀ ਸਦਿਆ। ਜੁਆਇਨਿੰਗ ਤੋਂ ਪਹਿਲਾਂ ਵੀ ਮੈਨੂੰ ਫ਼ੋਨ ਆ ਰਹੇ ਸੀ ਕਿ ਸਿੱਧੂ ਆਪਾਂ ਮਿਲਦੇ ਹਾਂ। ਜਦੋਂ ਮੈਂ ਤੁਹਾਡੀ ਪਾਰਟੀ ਵਿਚ ਸ਼ਾਮਲ ਨਹੀਂ ਹੋਇਆ ਤਾਂ ਮੈਂ ਗੈਂਗਸਟਰ ਹੋ ਗਿਆ। ਮੈਂ ਸਾਰਿਆਂ ਦੀ ਇੱਜ਼ਤ ਕਰਦਾ ਹਾਂ ਪਰ ਇਹ ਸਿਆਸਤ ਦਾ ਹਿੱਸਾ ਹੈ। ਜੇ ਉਨ੍ਹਾਂ ਬਿਆਨਬਾਜ਼ੀ ਛੱਡ ਕੇ ਕੰਮ ਕੀਤੇ ਹੁੰਦੇ ਤਾਂ ਉਨ੍ਹਾਂ ਦਾ ਵੀ ਭਲਾ ਹੁੰਦਾ ਤੇ ਪੰਜਾਬ ਦਾ ਵੀ।
ਸਵਾਲ : ਸਿਆਸਤ ਵਿਚ ਤੁਹਾਡਾ ਪ੍ਰੇਰਣਾ ਸ੍ਰੋਤ ਕੌਣ ਹੈ?
ਜਵਾਬ : ਮੇਰੀ ਪ੍ਰੇਰਣਾ ਲੋਕ ਹਨ। ਲੀਡਰ ਸਾਰੇ ਹੀ ਵਧੀਆ ਹਨ। ਸਿਆਸਤ ਵਿਚ ਜੇਕਰ ਕੋਈ ਰੁਤਬਾ ਕਾਇਮ ਕਰਦਾ ਹੈ ਤਾਂ ਉਸ ਵਿਚ ਖ਼ੂਬੀਆਂ ਬਹੁਤ ਹੁੰਦੀਆਂ ਨੇ। ਸਿੱਧੂ ਸਾਬ੍ਹ ਲੋਕਾਂ ਨਾਲ ਮਿਲਦੇ ਹਨ ਅਤੇ ਉਹ 10 ਮਿੰਟ ਵਿਚ ਹੀ ਮੇਲਾ ਲਗਾ ਦਿੰਦੇ ਹਨ। ਜਦੋਂ ਪਹਿਲੀ ਵਾਰ ਕਾਂਗਰਸੀ ਆਗੂਆਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਕਈ ਗੱਲਾਂ ਕੀਤੀਆਂ। ਮੈਨੂੰ ਕਿਹਾ ਕਿ ਇਸ ਉਮਰ ਵਿਚ ਲੋਕ ਸਿਆਸਤ ਵਿਚ ਇਸ ਲਈ ਆਉਂਦੇ ਹਨ ਕਿ ਉਨ੍ਹਾਂ ਨੂੰ ਪਾਰਟੀ ਤੋਂ ਕੁੱਝ ਮਿਲੇ ਪਰ ਤੂੰ ਪਹਿਲਾਂ ਵਿਅਕਤੀ ਹੈ, ਜਿਸ ਦੇ ਆਉਣ ਨਾਲ ਪਾਰਟੀ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਗੇ ਬਹੁਤ ਕੁੱਝ ਦੇਖਣ ਨੂੰ ਮਿਲੇਗਾ ਪਰ ਦਿ੍ਰੜ ਰਹਿਣਾ ਹੈ।
Sidhu Moosewala with congress leaders
ਸਵਾਲ : ਤੁਹਾਡੇ ਨਾਲ ਮੀਡੀਆ ਵਿਚ ਜੋ ਸਿਆਸਤ ਹੋਈ, ਤੁਹਾਨੂੰ ਲਗਦਾ ਹੈ ਕਿ ਉੱਪਰ ਵਾਲਾ ਤੁਹਾਨੂੰ ਤਿਆਰ ਕਰ ਰਿਹਾ ਸੀ?
ਜਵਾਬ : ਮੈਨੂੰ ਉਹ ਚੀਜ਼ਾਂ ਹੁਣ ਸਮਝ ਆ ਰਹੀਆਂ ਹਨ।
ਸਵਾਲ : ਜਦੋਂ ਤੁਸੀਂ ਕਾਂਗਰਸ ਵਿਚ ਆਏ ਤਾਂ ਕਈ ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਗਈਆਂ, ਕਈ ਤਰ੍ਹਾਂ ਦੇ ਬਿਆਨ ਵੀ ਆਏ?
ਜਵਾਬ : ਬੋਲਣਾ ਲੋਕਾਂ ਦਾ ਹੱਕ ਹੈ। ਲੋਕ ਉਨ੍ਹਾਂ ਦੀ ਹੀ ਆਲੋਚਨਾ ਕਰਦੇ ਨੇ, ਜਿਨ੍ਹਾਂ ਤੋਂ ਉਨ੍ਹਾਂ ਨੂੰ ਉਮੀਦ ਹੁੰਦੀ ਹੈ।
ਸਵਾਲ : 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਗਦੈ ਪੰਜਾਬ ਦੀ ਕਿਸਮਤ ਬਦਲੇਗੀ?
ਜਵਾਬ : ਅਸੀਂ ਚਾਹੁੰਦੇ ਹਾਂ। ਕੁੱਝ ਨਾ ਕੁੱਝ ਕਰ ਕੇ ਦਿਖਾਵਾਂਗੇ, ਅਪਣਾ ਪੂਰਾ ਜ਼ੋਰ ਲਗਾਵਾਂਗੇ, ਮੌਕਾ ਮਿਲੇ, ਫਿਰ ਦੇਖਦੇ ਹਾਂ।
ਸਵਾਲ : ਤੁਹਾਨੂੰ ਗੈਂਗਸਟਰ ਕਿਹਾ ਜਾਂਦਾ ਹੈ। ਕੀ ਤੁਸੀਂ ਲੜਾਈ ਲੜਦੇ ਰਹੇ ਹੋ? ਗੈਂਗਸਟਰ ਉਸ ਨੂੰ ਕਿਹਾ ਜਾਂਦਾ ਹੈ ਹੈ ਜਿਸ ਦਾ ਗੈਂਗ ਹੋਵੇ ਜਾਂ ਜੋ ਧਮਕਾਉਂਦਾ ਹੈ।
ਜਵਾਬ : ਮੈਂ ਕਦੀ ਕੋਈ ਲੜਾਈ ਨਹੀਂ ਕੀਤੀ ਕਿਉਂਕਿ ਘਰ ਦੇ ਹਾਲਾਤ ਇਸ ਦੀ ਇਜਾਜ਼ਤ ਨਹੀਂ ਸੀ ਦਿੰਦੇ। ਮੈਂ ਕਾਲਜ ਵਿਚ ਕੋਈ ਚੋਣ ਨਹੀਂ ਲੜੀ, ਸਾਡਾ ਕੋਈ ਸਰੋਤ ਹੀ ਨਹੀਂ ਸੀ। ਜਿਸ ਇਨਸਾਨ ਨੂੰ ਅਪਣੀਆਂ ਫ਼ੀਸਾਂ ਭਰਨ ਦੀ ਚਿੰਤਾ ਹੁੰਦੀ ਹੈ, ਉਹ ਚੋਣਾਂ ਵਲ ਨਹੀਂ ਦੇਖਦਾ। ਜਿਸ ਨੇ ਮੈਨੂੰ ਗੈਂਗਸਟਰ ਕਹਿਣੈ, ਕਹੀ ਜਾਣ, ਮੈਨੂੰ ਇਹ ਸਮਝ ਨਹੀਂ ਆਉਂਦੀ, ਉਹ ਕਿਸ ਹਿਸਾਬ ਨਾਲ ਮੈਨੂੰ ਗੈਂਗਸਟਰ ਕਹਿ ਰਹੇ ਨੇ। ਮੈਨੂੰ ਲਗਦਾ ਹੈ ਕਿ ਮੇਰੇ ਗੀਤਾਂ ਕਰ ਕੇ ਮੈਨੂੰ ਅਜਿਹਾ ਕਿਹਾ ਜਾ ਰਿਹਾ ਹੈ। ਕੈਪਟਨ ਸਾਬ੍ਹ ਨੇ ਕਰੀਬ ਇਕ ਸਾਲ ਪਹਿਲਾਂ 50-60 ਕਲਾਕਾਰਾਂ ਨੂੰ ਸਦਿਆ, ਸਾਰੀ ਇੰਡਸਟਰੀ ਦੇ ਕਾਲਾਕਾਰਾਂ ਨੂੰ ਬੁਲਾਇਆ ਗਿਆ। ਉਥੇ ਸਿਰਫ ਮੈਂ ਨਹੀਂ ਸੀ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਉਹ ਕਿਹੜਾ ਸ਼ਬਦ ਕੀਰਤਨ ਕਰਦੇ ਨੇ? ਉਹ ਵੀ ਤਾਂ ਉਸੇ ਤਰ੍ਹਾਂ ਦੇ ਗਾਣੇ ਗਾਉਂਦੇ ਹਨ। ਉਹ ਸੀਨੀਅਰ ਹਨ, ਦੋ ਵਾਰ ਮੁੱਖ ਮੰਤਰੀ ਰਹੇ ਨੇ ਪਰ ਉਨ੍ਹਾਂ ਨੂੰ ਅਪਣੇ ਤੱਥ ਸਪੱਸ਼ਟ ਰਖਣੇ ਚਾਹੀਦੇ ਹਨ। ਗੈਂਗਸਟਰ ਦੀ ਪਰਿਭਾਸ਼ਾ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗੀ। ਜਿਸ ਨੂੰ ਤੁਸੀਂ ਗੈਂਗਸਟਰ ਕਲਾਕਾਰ ਕਹਿੰਦੇ ਹੋ, ਉਸ ਨੂੰ ਪੂਰੀ ਦੁਨੀਆਂ ਜਾਣਦੀ ਹੈ।