
ਇਸ ਝਟਕੇ ਨੇ ਇੱਕ ਖਾਲੀ ਥਾਂ ਪੈਦਾ ਕਰ ਦਿੱਤੀ ਹੈ ਜਿਸ ਨੂੰ ਭਰਨਾ ਔਖਾ ਹੋਵੇਗਾ - sukhbir Badal
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੀਜੀਆਈ ਚੰਡੀਗੜ੍ਹ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 85 ਸਾਲ ਸੀ। ਜਾਣਕਾਰੀ ਅਨੁਸਾਰ ਬ੍ਰਹਮਪੁਰਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਸਨ, ਜਿੱਥੇ ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਲਏੇ। ਉਹ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਵੀ ਰਹੇ ਹਨ ਅਤੇ 4 ਸਾਲ ਤੱਕ ਵਿਧਾਇਕ ਵੀ ਰਹੇ। ਬ੍ਰਹਮਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਮੈਂਬਰਾਂ ਵਿਚੋਂ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਦੇਹਾਂਤ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਕਈ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਦਾ ਸਸਕਾਰ ਕੱਲ੍ਹ ਬੁੱਧਵਾਰ ਨੂੰ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ, ''ਅਣਥੱਕ ਪੰਥਕ ਯੋਧੇ ਅਤੇ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਦਾ ਚਲੇ ਜਾਣਾ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਹੈ। ਇਸ ਝਟਕੇ ਨੇ ਇੱਕ ਖਾਲੀ ਥਾਂ ਪੈਦਾ ਕਰ ਦਿੱਤੀ ਹੈ ਜਿਸ ਨੂੰ ਭਰਨਾ ਔਖਾ ਹੋਵੇਗਾ।''
ਪਾਰਟੀ ਪ੍ਰਧਾਨ ਨੇ ਅੱਗੇ ਕਿਹਾ, ''ਸਾਰੀ ਉਮਰ ਜਥੇਦਾਰ ਸਾਹਿਬ ਰਾਜਨੀਤੀ ਵਿਚ ਪੰਥਕ ਕਦਰਾਂ-ਕੀਮਤਾਂ ਦੇ ਅਟੱਲ ਪ੍ਰਤੀਕ ਬਣੇ ਰਹੇ ਅਤੇ ਇਨ੍ਹਾਂ ਦੀ ਰਾਖੀ ਲਈ ਮੋਹਰੀ ਰਹੇ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਕਰਨ ਦੀ ਤਾਕਤ ਦੇਣ ਦੀ ਅਰਦਾਸ ਕਰਦਾ ਹਾਂ।'' ਉੱਧਰ ਬਿਕਰਮ ਸਿੰਘ ਮਜੀਠੀਆ ਨੇ ਵੀ ਟਵੀਟ ਕਰ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਦਾ ਅਕਾਲ ਚਲਾਣਾ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜਥੇਦਾਰ ਸਾਬ੍ਹ ਨਿਰੰਤਰ ਤਾਕਤ ਅਤੇ ਪ੍ਰੇਰਨਾ ਦੇ ਸਰੋਤ ਸਨ। ਉਨ੍ਹਾਂ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ। ਮੈਂ ਇਸ ਦੁਖਦਾਈ ਮੌਕੇ 'ਤੇ ਉਨ੍ਹਾਂ ਦੇ ਸਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਪੂਰੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਮੁੱਖ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੇ ਦੇਹਾਂਤ ਦੀ ਖ਼ਬਰ ਮਿਲੀ, ਦੁਖਦਾਈ ਘੜੀ ‘ਚ ਪਰਿਵਾਰ ਨਾਲ ਦੁੱਖ ਵਿਅਕਤ ਕਰਦਾ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਵਿਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ।
ਇੰਝ ਰਿਹਾ ਸਿਆਸੀ ਸਫ਼ਰ
- 1994 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਹੇ
- ਨੌਸ਼ਹਿਰਾ ਪੰਨੂਆਂ ਤੋਂ 4 ਵਾਰ ਵਿਧਾਇਕ ਚੁਣੇ ਗਏ
- ਦੋ ਵਾਰ ਪੇਂਡੂ ਵਿਕਾਸ ਮੰਤਰੀ ਵੀ ਰਹੇ
- 2014 ਵਿਚ ਖਡੂਰ ਸਾਹਿਬ ਤੋਂ ਲੋਕ ਸਭਾ ਸੰਸਦ ਮੈਂਬਰ ਚੁਣੇ ਗਏ
- 2017 'ਚ ਅਪਣੀ ਵੱਖਰੀ ਪਾਰਟੀ ਬਣਾਈ
- 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੜ ਕੀਤੀ ਅਕਾਲੀ ਦਲ 'ਚ ਵਾਪਸੀ