
ਕਿਹਾ - ਇਕ ਦਿਨ ਪਹਿਲਾਂ ਹੀ ਮਿਲਿਆ ਹੈ ਸੰਮਨ
ਚੰਡੀਗੜ੍ਹ - ਸਿੰਚਾਈ ਘੁਟਾਲੇ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਅੱਜ ਵਿਜੀਲੈਂਸ ਬਿਊਰੋ ਅੱਗੇ ਪੇਸ਼ ਨਹੀਂ ਹੋਏ। ਸਿੱਧੂ ਨੇ ਵਿਜੀਲੈਂਸ ਨੂੰ ਭੇਜੇ ਆਪਣੇ ਜਵਾਬ ਵਿਚ ਕਿਹਾ ਕਿ ਪੇਸ਼ੀ ਲਈ ਬਹੁਤ ਘੱਟ ਸਮਾਂ ਮਿਲਣ ਕਾਰਨ ਉਹ ਜਾਂਚ ਵਿਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਹੈ ਕਿ ਵਿਜੀਲੈਂਸ ਵੱਲੋਂ ਜਾਰੀ ਸੰਮਨ ਬੀਤੀ ਰਾਤ ਹੀ ਵਟਸਐਪ ’ਤੇ ਪ੍ਰਾਪਤ ਹੋਇਆ। ਸਿੱਧੂ ਨੇ ਵਿਜੀਲੈਂਸ ਨੂੰ ਪੁੱਛਗਿੱਛ ਦਾ ਸਮਾਂ ਵਧਾਉਣ ਦੀ ਅਪੀਲ ਕੀਤੀ ਹੈ। ਸਿੱਧੂ ਨੇ ਇਸ ਮਾਮਲੇ ਵਿਚ ਹਾਈ ਕੋਰਟ ਦੇ ਹੁਕਮਾਂ ਅਤੇ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਮਾਮਲੇ ਦਾ ਹਵਾਲਾ ਦਿੰਦੇ ਹੋਏ ਵਿਜੀਲੈਂਸ ਜਾਂਚ ਟੀਮ ਤੋਂ ਜਵਾਬ ਵੀ ਮੰਗਿਆ ਹੈ।
ਹਾਈਕੋਰਟ ਵਿਚ ਲੰਬਿਤ ਕੇਸ ਨੰਬਰ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਇਸ ਨੂੰ ਚੁਣੌਤੀ ਵਾਲਾ ਮਾਮਲਾ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ 15 ਨਵੰਬਰ 2022 ਦੇ ਅੰਤਰਿਮ ਹੁਕਮ ਵਿਚ ਹਾਈ ਕੋਰਟ ਨੇ ਕੁੱਝ ਹਦਾਇਤਾਂ ਜਾਰੀ ਕਰਨ ਸਮੇਤ ਟਿੱਪਣੀ ਕੀਤੀ ਹੈ ਅਤੇ ਉਨ੍ਹਾਂ ਨੂੰ ਰਾਹਤ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਨੇ ਕੇਬੀਐਸ ਸਿੱਧੂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਅੱਜ ਸਵੇਰੇ 10 ਵਜੇ ਵਿਜੀਲੈਂਸ ਦਫ਼ਤਰ ਬੁਲਾਇਆ ਸੀ। ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ 1200 ਕਰੋੜ ਦੇ ਸਿੰਚਾਈ ਘੁਟਾਲੇ ਵਿੱਚ ਸਿੱਧੂ ਤੋਂ ਪੁੱਛਗਿੱਛ ਹੋਣੀ ਹੈ। ਇਸ ਦੇ ਲਈ ਉਹਨਾਂ ਨੂੰ ਦੁਬਾਰਾ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਘਪਲੇ ਵਿਚ ਤਿੰਨ ਸਾਬਕਾ ਆਈ.ਏ.ਐਸ. ਵੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਵਿਜੀਲੈਂਸ ਸਾਬਕਾ ਆਈਏਐਸ ਕਾਹਨ ਸਿੰਘ ਪੰਨੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਕੇ.ਬੀ.ਐਸ.ਸਿੱਧੂ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਮੁਹਾਲੀ ਅਦਾਲਤ ਵਿਚ ਚਲਾਨ ਵੀ ਪੇਸ਼ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਦਰਜ ਕੇਸ ਵਿਚ ਉਹਨਾਂ ਦਾ ਨਾਂ ਨਹੀਂ ਸੀ, ਪਰ ਘੁਟਾਲੇ ਦੇ ਮੁੱਖ ਮੁਲਜ਼ਮ ਦੇ ਬਿਆਨਾਂ ਤੋਂ ਬਾਅਦ ਉਸ ਦਾ ਨਾਂ ਸਾਹਮਣੇ ਆਇਆ ਸੀ। ਜਿਸ ਕੇਸ ਦਾ ਚਲਾਨ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ, ਉਸ ਕੇਸ ਦੀ ਮੁੜ ਜਾਂਚ ਸਹੀ ਨਹੀਂ ਹੈ।
ਇਸ ਤੋਂ ਪਹਿਲਾਂ ਵਿਜੀਲੈਂਸ ਨੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹ ਵਿਦੇਸ਼ ਵਿਚ ਹੋਣ ਕਾਰਨ ਜਾਂਚ ਵਿਚ ਸ਼ਾਮਲ ਨਹੀਂ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ। ਇਸ 'ਤੇ ਹਾਈਕੋਰਟ ਨੇ ਰਾਹਤ ਦਿੰਦੇ ਹੋਏ ਜਾਂਚ 'ਚ ਸ਼ਾਮਲ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਹੁਣ ਉਹ ਵੀ ਵਿਜੀਲੈਂਸ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਜਲਦੀ ਹੀ ਪਹੁੰਚ ਸਕਦੇ ਹਨ।