
ਅੰਮ੍ਰਿਤਸਰ : ਦੁਨੀਆਂ ਭਰ ਦੇ ਸਿੱਖਾਂ ਨੇ 14 ਮਾਰਚ ਦੇ ਦਿਨ ਨੂੰ 'ਸਿੱਖ ਵਾਤਾਵਰਨ ਦਿਵਸ' ਵਜੋਂ ਮਨਾਏ ਜਾਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਜਾ ਸਕੇ, ਜਿਨ੍ਹਾਂ ਨੂੰ ਕੁਦਰਤ ਦੇ ਰੱਖਿਅਕ ਵੀ ਆਖਿਆ ਜਾਂਦਾ ਹੈ। ਗੁਰੂ ਹਰਿਰਾਏ ਨੂੰ ਉਨ੍ਹਾਂ ਦੇ ਮਨੁੱਖਤਾ ਪੱਖੀ ਕਾਰਜਾਂ, ਕੁਦਰਤ ਅਤੇ ਜਾਨਵਰਾਂ ਦੀ ਹਿਫਾਜ਼ਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਆਪਣੇ ਜਨਮ ਸਥਾਨ ਅਤੇ ਸਿੱਖਾਂ ਦੇ ਆਤਮਿਕ ਕੇਂਦਰ ਕੀਰਤਪੁਰ ਸਾਹਿਬ ਵਿਖੇ ਮੈਡੀਕਲ ਉਦੇਸ਼ਾਂ ਨਾਲ ਜੜ੍ਹੀਆਂ- ਬੂਟੀਆਂ ਦੀ ਫੁਲਵਾੜੀ ਦੀ ਸਥਾਪਨਾ ਕੀਤੀ ਸੀ।
ਈਕੋ ਸਿੱਖ ਦੇ ਕਨਵੀਨਰ ਅਤੇ ਵਾਸ਼ਿੰਗਟਨ ਸਥਿਤ ਸਿੱਖ ਪ੍ਰੀਸ਼ਦ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਸਿੱਖਾਂ ਨੂੰ ਕੁਦਰਤ ਦੀ ਹਿਫਾਜ਼ਤ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਲੋਕਾਂ ਵਿਚ ਵਾਤਾਵਰਣ ਦੀ ਹਿਫਾਜ਼ਤ ਲਈ ਚੇਤਨਾ ਪੈਦਾ ਹੋਈ।
ਰਾਜਕੋਟ ਸਿੰਘ ਪ੍ਰਧਾਨ ਈਕੋ ਸਿੱਖ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਹਰਿਰਾਏ ਜੀ ਨੂੰ ਕੁਦਰਤ ਲਈ ਪਿਆਰ ਅਤੇ ਜਾਨਵਰ ਦੀ ਹਮਦਰਦੀ ਜਤਾਉਣ ਵਾਲਿਆਂ ਲਈ ਯਾਦ ਕੀਤਾ ਜਾਂਦਾ ਹੈ। ਉਹ ਦੱਖਣੀ ਏਸ਼ੀਆ ਵਿੱਚ ਸ਼ਾਇਦ ਪਹਿਲੇ ਵਾਤਾਵਰਣ ਪ੍ਰੇਮੀ ਸਨ, ਜਿਨ੍ਹਾਂ ਨੇ 1644 ਤੋਂ 1661 ਤੱਕ ਆਪਣੇ ਰਾਜ ਸਮੇਂ ਜੜ੍ਹੀਆਂ-ਬੂਟੀਆਂ ਅਤੇ ਜੰਗਲੀ ਜੀਵ-ਜੰਤੂਆਂ ਦੀ ਹਿਫਾਜ਼ਤ ਕਰਨ ਦਾ ਪ੍ਰਚਾਰ ਕੀਤਾ।"
ਈਕੋ ਸਿੱਖ ਦੀ ਭਾਰਤ ਦੀ ਉੱਚ ਅਹੁਦੇਦਾਰ ਸੁਪ੍ਰੀਤ ਕੌਰ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਪੰਜਾਬ ਦੇ ਵਾਤਾਵਰਣ ਵਿਚ ਹੋਏ ਖ਼ਤਰਨਾਕ ਵਾਧੇ ਨੂੰ ਦਰਜ ਕੀਤਾ ਗਿਆ ਹੈ। ਇਸ ਨੇ ਪਿਛਲੇ ਕੁਝ ਸਮੇਂ ਦੌਰਾਨ ਅਣਉਚਿਤ ਪ੍ਰਦੂਸ਼ਣ ਅਤੇ ਸਮੌਗ ਦੀ ਸਮੱਸਿਆ ਦਾ ਸਾਹਮਣਾ ਕੀਤਾ ਹੈ। ਸੁਪ੍ਰੀਤ ਨੇ ਆਖਿਆ ਕਿ ਪ੍ਰਦੂਸ਼ਣ ਸਬੰਧੀ ਸੰਕਟ ਨੇ ਭਾਰਤ ਦੇ ਕਈ ਰਾਜਾਂ ਵਿਚ ਬੱਚਿਆਂ ਤੇ ਹੋਰ ਕਮਜ਼ੋਰ ਜਨਸੰਖਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਰਾਜਵੰਤ ਨੇ ਕਿਹਾ ਕਿ ਇਹ ਦਿਵਸ ਦੁਨੀਆ ਭਰ ਵਿਚ 4100 ਗੁਰਦੁਆਰਿਆਂ, ਸੰਸਥਾਵਾਂ, ਸਕੂਲਾਂ ਅਤੇ ਭਾਈਚਾਰਿਆਂ ਵਿਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਵਿਚ ਇਸ ਦਿਨ ਸਮਾਰੋਹ ਆਯੋਜਿਤ ਕੀਤੇ ਜਾਣਗੇ ਅਤੇ ਵੱਖ-ਵੱਖ ਖੇਤਰਾਂ ਦੇ ਲੋਕ ਜਾਗਰੂਕਤਾ ਪੈਦਾ ਕਰਨ ਅਤੇ ਇਕ ਸਥਾਈ ਭਵਿੱਖ ਨੂੰ ਬਣਾਉਣ ਲਈ ਕਦਮ ਚੁੱਕਣ ਵਿਚ ਯੋਗਦਾਨ ਪਾਉਣਗੇ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਿੱਖ ਵਾਤਾਵਰਣ ਦਿਵਸ ਜਲਦੀ ਹੀ ਸਾਰੇ ਭਾਈਚਾਰਿਆਂ ਵਿਚ ਪ੍ਰਵਾਨ ਹੋਵੇਗਾ।