
ਭਾਜਪਾ ਵਿਚ ਆਪਸੀ ਗੁੱਟਬਾਜ਼ੀ ਕਾਰਨ ਐਤਵਾਰ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਪ੍ਰਭਾਤ ਝਾਅ ਅਗਲੇ ਮੇਅਰ ਉਮੀਦਵਾਰ ਦੇ ਨਾਮ ਦਾ ਐਲਾਨ.....
ਚੰਡੀਗੜ੍ਹ : ਭਾਜਪਾ ਵਿਚ ਆਪਸੀ ਗੁੱਟਬਾਜ਼ੀ ਕਾਰਨ ਐਤਵਾਰ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਪ੍ਰਭਾਤ ਝਾਅ ਅਗਲੇ ਮੇਅਰ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕਰ ਸਕੇ। ਪ੍ਰਭਾਤ ਝਾਅ ਚੰਡੀਗੜ੍ਹ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੇ ਅਹੁਦੇ ਦੇ ਉਮੀਦਵਾਰਾਂ ਦਾ ਐਲਾਨ ਕਰਨ ਆਏ ਸਨ। ਪਰ ਇਸ ਦੌਰਾਨ ਕੌਂਸਲਰਾਂ ਦੀ ਗੁੱਟਬਾਜ਼ੀ ਅਤੇ ਇਕ ਸਲਾਹ ਨਾ ਹੋਣ ਕਾਰਨ ਉਮੀਦਵਾਰਾਂ ਦੇ ਨਾਮ ਦਾ ਐਲਾਨ ਨਹੀਂ ਹੋ ਸਕਿਆ। ਹਾਲਾਂਕਿ ਪ੍ਰਭਾਤ ਝਾਅ ਨੇ ਕਿਹਾ ਕਿ ਸੋਮਵਾਰ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਜਾਵੇਗਾ।
ਪ੍ਰਭਾਤ ਝਾਅ ਦਾ ਕਹਿਣਾ ਹੈ ਕਿ ਸਾਰੇ ਕੌਂਸਲਰਾਂ ਦੀ ਰਾਏ ਲੈ ਕੇ ਉਹ ਦਿੱਲੀ ਜਾ ਰਹੇ ਹਨ। ਦਿੱਲੀ ਵਿਚ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਕੌਮੀ ਸੰਗਠਨ ਮੰਤਰੀ ਰਾਮਲਾਲ ਦੇ ਸਾਹਮਣੇ ਮਾਮਲਾ ਰੱਖਿਆ ਜਾਵੇਗਾ। ਉਸ ਉਪਰੰਤ ਹੀ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਪ੍ਰਭਾਤ ਝਾਅ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਮੇਅਰ ਸਹਿਤ ਬਾਕੀ ਦੇ ਆਹਦਿਆਂ ਦੇ ਉਮੀਦਵਾਰ ਦਾ ਐਲਾਨ ਕਰ ਦਿਤਾ ਜਾਵੇਗਾ। ਐਤਵਾਰ ਬੈਠਕ ਦੇ ਦੌਰਾਨ ਪ੍ਰਭਾਤ ਝਾਅ ਨੇ ਸਾਰੇ ਕੌਂਸਲਰਾਂ ਨੂੰ ਇਕਜੁਟ ਰਹਿਣ ਦੀ ਸਲਾਹ ਦਿਤੀ ਹੈ। ਸੂਤਰਾਂ ਮੁਤਾਬਕ ਹੁਣ ਤੱਕ ਦੀ ਦੋੜ ਵਿਚ ਰਾਜੇਸ਼ ਕਾਲਿਆ ਸਭ ਤੋਂ ਅੱਗੇ ਚੱਲ ਰਹੇ ਸਨ,
ਪਰ ਜਿਆਦਾਤਰ ਕੌਂਸਲਰ ਉਨ੍ਹਾਂ ਦੇ ਨਾਲ ਨਹੀਂ ਸਨ । ਅਜਿਹੇ ਵਿਚ ਉਨ੍ਹਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਜਾ ਸਕਿਆ । ਹੁਣ ਪੂਰਾ ਮਾਮਲਾ ਹਾਈਕਮਾਨ ਉਤੇ ਛੱਡ ਦਿਤਾ ਗਿਆ ਹੈ। ਹਾਈਕਮਾਨ ਅਪਣੇ ਮੁਤਾਬਕ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰੇਗੀ । ਇਸ ਸਾਲ ਮੇਅਰ ਦਾ ਆਹੁਦਾ ਪਿਛੜੀ ਜਾਤੀ ਲਈ ਰਾਖਵਾਂ ਕੀਤਾ ਗਿਆ ਹੈ। ਇਸ ਸ਼ਰੇਣੀ ਵਿਚ ਸਤੀਸ਼ ਕੈਂਥ, ਬਰਤ ਕੁਮਾਰ, ਫਰਮੀਲਾ ਅਤੇ ਰਾਜੇਸ਼ ਕਾਲੀਆ ਦਾ ਨਾਮ ਸ਼ਾਮਲ ਹੈ। ਸੂਤਰਾਂ ਅਨੁਸਾਰ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਜੇ ਟੰਡਨ ਧਿਰ ਅਤੇ ਕਿਰਨ ਖੇਰ ਧਿਰ ਮੇਅਰ ਦੀ ਸੀਟ ਤੇ ਅਪਣਾ ਉਮੀਦਵਾਰ ਨੂੰ ਬੈਠਾਣਾ ਚਾਹੁੰਦੇ ਹਨ
ਤਾਂਕਿ ਇਸਦਾ ਫਾਇਦਾ ਲੋਕ ਸਭਾ ਚੋਣਾਂ ਵਿਚ ਲਿਆ ਜਾ ਸਕੇ। ਦਸਿਆ ਜਾ ਰਿਹਾ ਹੈ ਕਿ ਪ੍ਰਭਾਤ ਝਾ ਨਾਲ ਹੋਈ ਕੌਂਸਲਰਾਂ ਦੀ ਬੈਠਕ ਤੋਂ ਬਾਅਦ ਦਿਵੇਸ਼ ਮੋਦਗਿਲ ਅਤੇ ਅਰੁਣ ਸੂਦ ਨੇ ਪ੍ਰਭਾਤ ਝਾਅ ਨਾਲ ਵੱਖਰੇ ਤੌਰ 'ਤੇ ਬੈਠਕ ਕੀਤੀ। ਇਸ ਸਮੇਂ ਨਗਰ ਨਿਗਮ ਵਿਚ ਕਾਂਗਰਸ ਕੌਂਸਲਰਾਂ ਦੀ ਗਿਣਤੀ 4 ਹੈ। ਜਦਕਿ 20 ਕੌਂਸਲਰ ਭਾਜਪਾ ਦੇ ਅਤੇ ਇਕ ਆਜ਼ਾਦ ਅਤੇ ਇਕ ਸ਼੍ਰੋਮਣੀ ਅਕਾਲੀ ਦਲ ਤੋਂ ਹੈ, ਜਿਸਦਾ ਭਾਜਪਾ ਨਾਲ ਗੱਠਜੋੜ ਹੈ। ਮੇਅਰ ਚੋਣਾਂ ਵਿਚ ਸਾਂਸਦ ਨੂੰ ਵੀ ਵੋਟ ਦਾ ਅਧਿਕਾਰ ਹੈ। ਇਸ ਹਿਸਾਬ ਨਾਲ ਮੇਅਰ ਬਨਣ ਵਾਲੇ ਨੂੰ 27 ਵੋਟਾਂ ਵਿਚੋਂ 14 ਵਿਟਾਂ ਅਪਣੇ ਹੱਕ ਵਿਚ ਚਾਹੀਦੀ ਹਨ।
ਜਿਕਰਯੋਗ ਹੈ ਕਿ ਪਿਛਲੇ ਸਾਲ ਮੇਅਰ ਉਮੀਦਵਾਰ ਦੀ ਚੋਣ ਲਈ ਵੀ ਭਾਜਪਾ ਵਿਚ ਗੱਟਬਾਜੀ ਨਿਕਲ ਕੇ ਸਾਹਮਣੇ ਆਈ ਸੀ ਅਤੇ ਇਸ ਸਾਲ ਵੀ ਮੇਅਰ ਆਹੁਦੇ ਲਈ ਭਾਜਪਾ ਵਿਚ ਦੋ ਗੁੱਟ ਜ਼ੋਰ ਲਗਾ ਰਹੇ ਹਨ। ਇਕ ਗੁੱਟ ਹੈ ਸੰਸਦ ਕਿਰਨ ਖੇਰ ਦਾ ਤਾਂ ਦੂਜਾ ਹੈ ਚੰਡੀਗੜ ਭਾਜਪਾ ਪ੍ਰਧਾਨ ਸੰਜੇ ਟੰਡਨ ਦਾ। ਦੋਵੇਂ ਗੁਟ ਅਪਣੇ-ਅਪਣੇ ਚਹੇਤੇ ਨੂੰ ਮੇਅਰ ਦੀ ਕੁਰਸੀ ਉਥੇ ਵੇਖਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਦਿਨੀ ਹਾਈਕਮਾਨ ਵਲੋਂ ਚਿਤਾਵਨੀ ਦਿਤੀ ਗਈ ਕਿ ਇਕ ਵਾਰ ਮੇਅਰ ਉਮੀਦਵਾਰ ਦੇ ਨਾਮ ਦਾ ਐਲਾਨ ਕਰਨ ਦੇ ਬਾਅਦ ਉਸਦਾ ਵਿਰੋਧ ਸਹਿਨ ਨਹੀਂ ਕੀਤਾ ਜਾਵੇਗਾ।