ਆਸਟ੍ਰੇਲੀਆ ਨੇ ਦੁਵੱਲੀ ਸੀਰੀਜ਼ ਵੀ ਜਿੱਤੀ
ਨਵੀਂ ਦਿੱਲੀ : ਜੌਰਜੀਆ ਵੋਲ ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਹੋਬਾਰਟ ਵਿਖੇ ਖੇਡੇ ਗਏ ਦੂਜੇ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿਚ ਮੌਜੂਦਾ ਚੈਂਪੀਅਨ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿਤਾ। ਇਸ ਜਿੱਤ ਨਾਲ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਇਹ ਆਸਟਰੇਲੀਆ ਦੀ ਭਾਰਤ ਵਿਰੁਧ ਲਗਾਤਾਰ 12ਵੀਂ ਦੁਵੱਲੀ ਵਨਡੇ ਸੀਰੀਜ਼ ਜਿੱਤ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ’ਤੇ 251 ਦੌੜਾਂ ਬਣਾਈਆਂ। ਭਾਰਤ ਵਲੋਂ ਪ੍ਰਤਿਕਾ ਰਾਵਲ ਨੇ 81 ਗੇਂਦਾਂ ਵਿਚ 52 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਦਿਤੀ। ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਨੇ 70 ਗੇਂਦਾਂ ਵਿਚ 54 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਮੰਧਾਨਾ ਨੇ 31 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਕਾਸ਼ਵੀ ਗੌਤਮ ਨੇ ਅੰਤ ਵਿਚ 25 ਦੌੜਾਂ ਬਣਾ ਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ।
252 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆਈ ਟੀਮ ਨੇ ਸਿਰਫ਼ 36.1 ਓਵਰਾਂ ਵਿਚ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਜੌਰਜੀਆ ਵੋਲ ਨੇ 82 ਗੇਂਦਾਂ ਵਿਚ 101 ਦੌੜਾਂ (13 ਚੌਕੇ, 1 ਛਿੱਕਾ) ਦੀ ਤੂਫ਼ਾਨੀ ਪਾਰੀ ਖੇਡੀ। ਉਸ ਦਾ ਸਾਥ ਫੀਬੀ ਲਿਚਫੀਲਡ ਨੇ 80 ਦੌੜਾਂ ਬਣਾ ਕੇ ਦਿਤਾ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 119 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ।
ਭਾਰਤੀ ਗੇਂਦਬਾਜ਼ ਆਸਟਰੇਲੀਆਈ ਬੱਲੇਬਾਜ਼ਾਂ ’ਤੇ ਦਬਾਅ ਬਣਾਉਣ ਵਿਚ ਨਾਕਾਮ ਰਹੇ। ਕਾਸ਼ਵੀ ਗੌਤਮ ਅਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਜ਼ਰੂਰ ਲਈਆਂ ਪਰ ਉਹ ਆਸਟਰੇਲੀਆ ਦੀ ਜਿੱਤ ਨੂੰ ਰੋਕਣ ਲਈ ਕਾਫ਼ੀ ਨਹੀਂ ਸਨ। ਖ਼ਰਾਬ ਫ਼ੀਲਡਿੰਗ ਨੇ ਵੀ ਭਾਰਤ ਦੀਆਂ ਮੁਸ਼ਕਲਾਂ ਵਧਾ ਦਿਤੀਆਂ।
ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਵਨਡੇ ਮੈਚ 1 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ 6 ਮਾਰਚ ਤੋਂ ਦੋਵਾਂ ਟੀਮਾਂ ਵਿਚਾਲੇ ਇਕਮਾਤਰ ਟੈਸਟ ਮੈਚ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ।
