
ਦਿੱਲੀ ਸੰਘਰਸ਼ ਤੋਂ ਮੁੜੇ ਕਿਸਾਨ ਦੀ ਠੰਢ ਕਾਰਨ ਹੋਈ ਮੌਤ
ਅਬੋਹਰ, 13 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁਧ ਕੜਾਕੇ ਦੀ ਠੰਢ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ | ਸਥਾਨਕ ਭਗਤ ਸਿੰਘ ਨਗਰ ਵਾਸੀ ਇਕ ਕਿਸਾਨ ਦੀ ਦਿੱਲੀ ਸੰਘਰਸ਼ ਤੋਂ ਮੁੜਨ ਉਪਰੰਤ ਠੰਢ ਕਾਰਨ ਮੌਤ ਹੋ ਗਈ ਜਿਸ ਦੇ ਸਸਕਾਰ ਉਪਰੰਤ ਅੱਜ ਅੰਤਮ ਅਰਦਾਸ ਵੀ ਕਰ ਦਿਤੀ ਗਈ | ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮਿ੍ਤਕ ਕਿਸਾਨ ਹਰਨਾਮ ਸਿੰਘ ਦੇ ਭਰਾ ਤਰਲੋਕ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਬੀਤੇ ਦਿਨੀਂ ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਣ ਗਿਆ ਸੀ | 68 ਸਾਲਾ ਹਰਨਾਮ ਸਿੰਘ ਕੁੱਝ ਦਿਨ ਬਾਅਦ ਵਾਪਸ ਘਰ ਪਰਤਿਆ ਤਾਂ ਠੰਢ ਲੱਗ ਗਈ ਜਿਸ ਕਾਰਨ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ | ਅੱਜ ਗਮਗੀਨ ਮਾਹੌਲ ਵਿਚ ਸਥਾਨਕ ਗੁਰਦਵਾਰਾ ਨਾਨਕਸਰ ਟੋਭਾ ਵਿਖੇ ਉਨ੍ਹਾਂ ਦੀ ਅੰਤਮ ਅਰਦਾਸ ਕਰ ਦਿਤੀ ਗਈ |