
ਦਿੱਲੀ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
ਲੋਕਾਂ ਨੇ ਦੁੱਲਾ ਭੱਟੀ ਦੀ ਗਾਥਾ ਦੀ ਬਜਾਏ ਮੋਦੀ ਸਰਕਾਰ ਵਿਰੁਧ ਨਾਹਰੇ ਲਾਏ
ਚੰਡੀਗੜ੍ਹ, 13 ਜਨਵਰੀ (ਸੱਤੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਭਰ ਵਿਚ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਹਨ, ਉਥੇ ਹੀ ਲੋਹੜੀ ਦੇ ਤਿਉਹਾਰ ਉਤੇ ਸੂਬੇ ਦੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ |
ਵੱਖ-ਵੱਖ ਥਾਵਾਂ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਲੋਹੜੀ ਦੇ ਪਵਿੱਤਰ ਤਿਉਹਾਰ ਉਤੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ | ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ਦੀ ਵੀ ਜੰਮ ਕੇ ਨਿੰਦਾ ਕਰਦੇ ਹੋਏ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ | ਇਹ ਲੋਹੜੀ ਇਕ ਤਰ੍ਹਾਂ ਦੀ ਇਤਿਹਾਸਕ ਰਹੀ ਕਿਉਂਕਿ ਪਹਿਲਾਂ ਲੋਕ ਦੁੱਲਾ-ਭੱਟੀ ਦੀਆਂ ਗਾਥਾਵਾਂ ਗਾ ਕੇ ਦਲਿਦਰ ਨੂੰ ਤਿਲਾਂ ਦੇ ਰੂਪ 'ਚ ਸਾੜਦੇ ਸਨ ਪਰ ਇਸ ਵਾਰ ਲੋਕਾਂ ਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ |
ਅੰਮਿ੍ਤਸਰ ਤੋਂ ਖ਼ਾਲਸਾ ਅਨੁਸਾਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੋਕਾਂ ਨੇ ਇਕੱਠੇ ਹੋ ਕੇ ਖ਼ਾਲਸਾ ਕਾਲਜ ਦੇ ਬਾਹਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ | ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਭਾਜਪਾ ਛੱਡਣ ਜਾਂ ਫਿਰ ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਤੋਂ ਅਸਤੀਫਾ ਦੇਣ |
ਲਹਿਰਾਗਾਗਾ ਤੋਂ ਭੁੱਲਰ ਅਨੁਸਾਰ : ਅੱਜ ਇਥੇ ਦੁਪਿਹਰ ਮੰਡੀ ਦੇ ਮੁੱਖ ਮੰਦਰ ਚੌਕ 'ਚ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਸੱਦੇ 'ਤੇ ਵੱਖ ਵੱਖ ਜਥੇਬੰਦੀਆਂ ਨੇ ਲੋਹੜੀ ਦੇ ਤਿਉਹਾਰ ਨੂੰ ਨਿਵੇਕਲੇ ਢੰਗ ਨਾਲ ਮਨਾਉਦਿਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ |
ਭਵਾਨੀਗੜ੍ਹ ਤੋਂ ਗੁਰਪ੍ਰੀਤ ਸਿੰਘ ਅਨੁਸਾਰ: ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਟੋਲ ਪਲਾਜ਼ਾ ਮਾਝੀ, ਟੌਲ
ਪਲਾਜ਼ਾ ਕਾਲਾਝਾੜ ਅਤੇ ਬਲਾਕ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ |
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਘਰਾਚੋਂ, ਪ੍ਰਗਟ ਸਿੰਘ ਮੱਟਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਆਗੂ ਸੁਖਦੇਵ ਸਿੰਘ ਬਾਲਦ ਕਲਾਂ ਨੇ ਦਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਕਿਸਾਨਾਂ ਅਤੇ ਬੀਬੀਆਂ ਨੇ ਘਰਾਚੋਂ, ਭੱਟੀਵਾਲ ਖ਼ੁਰਦ, ਮੱਟਰਾਂ, ਨਦਾਮਪੁਰ, ਭਵਾਨੀਗੜ੍ਹ, ਬਲਿਆਲ, ਆਲੋਅਰਖ ਅਤੇ ਕਪਿਆਲ ਸਮੇਤ ਦਰਜਨਾਂ ਪਿੰਡਾਂ ਵਿੱਚ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ |
ਜਲੰਧਰ ਤੋਂ ਲਖਵਿੰਦਰ ਸਿੰਘ ਅਨੁਸਾਰ : ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨਾਂ ਨੇ ਲੋਹੜੀ ਮਨਾਈ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ |
ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ ਤੇ ਯੂਥ ਆਗੂ ਅਮਰਜੋਤ ਸਿੰਘ ਤੇ ਹੋਰ ਕਿਸਾਨਾਂ ਨੇ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ | ਲੋਹੜੀ ਮੌਕੇ 26 ਜਨਵਰੀ ਦੀ ਕਿਸਾਨ ਪਰੇਡ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ |
ਖੰਨਾ ਅਜੀਤ ਸਿੰਘ ਅਨੁਸਾਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਸੰਘਰਸ਼ 105ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਲਗਾਤਾਰ ਜਾਰੀ ਹੈ ਅਤੇ ਭੁੱਖ ਹੜਤਾਲ ਦੇ 57ਵੇਂ ਦਿਨ ਰਛਪਾਲ ਸਿੰਘ, ਸਤਨਾਮ ਸਿੰਘ ਰੋਹਣੋਂ ਅਤੇ ਜਗਜੀਤ ਸਿੰਘ ਲਲਹੇੜੀ ਬੈਠੇ |
ਸਿਰਸਾ ਤੋਂ ਸੁਰਿੰਦਰਪਾਲ ਸਿੰਘ ਅਨੁਸਾਰ : ਵੱਖ-ਵੱਖ ਪਿੰਡਾਂ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਲੋਹੜੀ ਮਨਾਈ ਗਈ | 26 ਜਨਵਰੀ ਦਿੱਲੀ ਟਰੈਕਟਰ ਮਾਰਚ ਦੀ ਤਿਆਰੀ ਲਈ ਕਿਸਾਨਾਂ ਨੇ ਵੱਖ-ਵੱਖ ਪਿੰਡਾਂ ਵਿਚ ਟਰੈਕਟਰ ਮਾਰਚ ਕਰ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਟਰੈਕਟਰ ਮਾਰਚ ਵਿਚ ਮਹਿਲਾਵਾਂ ਵੀ ਵੱਡੀ ਗਿਣਤੀ 'ਚ ਸ਼ਿਰਕਤ ਕਰ ਰਹੀਆਂ ਹਨ ਅਤੇ ਬਕਾਇਦਾ ਟਰੈਕਟਰ ਚਲਾਉਣ ਦੀ ਟਰੈਨਿੰਗ ਵੀ ਲੈ ਰਹੀਆਂ ਹਨ |
ਪੱਟੀ ਤੋਂ ਅਜੀਤ ਘਰਿਆਲਾ ਅਨੁਸਾਰ : ਮੌੜ ਚੂਸਲੇਵੜ ਅਤੇ ਕੁੱਲਾ ਚੌਕ ਪੱਟੀ ਅੰਦਰ ਸਯੁੰਕਤ ਮੋਰਚੇ ਦਾ ਹਿੱਸਾ ਬਣੀਆਂ ਜਮੂਹਰੀ ਕਿਸਾਨ ਸਭਾ, ਜਨਵਾਦੀ ਇਸਤਰੀ ਸਭਾ, ਕਿਸਾਨ ਸਘੰਰਸ਼ ਕਮੇਟੀ ਕੋਟਬੁੱਢਾ ਵਲੋਂ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਵੱਖ ਵੱਖ ਆਗੂਆਂ ਨਰਿੰਦਰ ਕੌਰ,ਹਰਭਜਨ ਸਿੰਘ ਚੂਸਲੇਵੜ, ਸੋਹਣ ਸਿੰਘ ਸਭਰਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਏਕਤਾ ਦਾ ਅੰਦੋਲਨ ਮੋਦੀ ਸਰਕਾਰ ਤੋਂ ਕਾਲੇ ਕਨੂੰਨਾਂ ਨੂੰ ਵਾਪਸ ਕਰਵਾ ਕਿ ਦਮ ਲਵੇਗਾ |
ਸਮਰਾਲਾ ਤੋਂ ਰਾਜੂ ਅਨੁਸਾਰ : ਇਥੋਂ ਦੇ ਮੇਨ ਚੌਕ ਵਿਚ ਅੱਜ ਲੋਹੜੀ ਮੌਕੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ |
ਕਾਲਾਂਵਾਲੀ ਤੋਂ ਗੁਰਮੀਤ ਸਿੰਘ ਖ਼ਾਲਸਾ ਅਨੁਸਾਰ : ਕੇਂਦਰ ਸਰਕਾਰ ਵਲੋਂ ਖੇਤੀ ਸਬੰਧਤ ਲਿਆਂਦੇ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ਉਪਰ ਕਿਸਾਨਾਂ ਵਲੋਂ ਚੱਲ ਰਹੇ ਲਗਾਤਾਰ ਮੋਰਚੇ 'ਚ ਕਿਸਾਨ ਆਗੂਆਂ ਵਲੋਂ ਕੀਤੇ ਗਏ ਐਲਾਨ ਤਹਿਤ ਕਾਲਾਂਵਾਲੀ ਦੇ ਸਵ-ਡਵੀਜ਼ਨ ਦਫ਼ਤਰ ਵਿਖੇ ਕਾਲਾਂਵਾਲੀ ਦੀ ਬਾਰ ਐਸੋਸੀਏਸ਼ਨ ਦੇ ਮੈਂਬਰ ਸਮੂਹ ਵਕੀਲਾਂ ਵਲੋਂ ਖੇਤੀ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ | ਉਕਤ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੀਆਂ ਦੂਜੀਆਂ ਥਾਵਾਂ 'ਤੇ ਵੀ ਲੋਕਾਂ ਨੇ ਇਸੇ ਤਰ੍ਹਾਂ ਲੋਹੜੀ ਮਨਾਈ |
1 ਦੀ ਡੱਬੀimage