
ਸੜਕੀ ਹਾਦਸਿਆਂ ਦਾ ਕਹਿਰ ਜਾਰੀ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਉਤੇ ਛੇ ਗੱਡੀਆਂ ਟਕਰਾਈਆਂ
ਤਪਾ ਮੰਡੀ, 13 ਜਨਵਰੀ (ਸੰਜੀਵ ਗਰਗ): ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਉਤੇ 6 ਗੱਡੀਆਂ ਦੇ ਟਕਰਾਉਣ ਕਾਰਨ ਸੜਕੀ ਹਾਦਸਾ ਹੋ ਗਿਆ। ਹਾਦਸੇ ਵਿਚ ਅੱਠ ਔਰਤਾਂ ਇਕ ਪੁਲਿਸ ਮੁਲਾਜ਼ਮ ਇਕ ਟਰੱਕ ਡਰਾਈਵਰ ਸਮੇਤ ਕੁਲ ਗਿਆਰਾਂ ਜ਼ਖ਼ਮੀ ਹੋ ਗਏ ਹਨ। ਹਾਦਸੇ ਦਾ ਕਾਰਨ ਇਕ ਧਾਗਾ ਮਿੱਲ ਦੀ ਬਸ ਮੰਨੀ ਜਾ ਰਹੀ ਹੈ ਜੋ ਗ਼ਲਤ ਸਾਈਡ ਤੋਂ ਤਪਾ ਵਲ ਆ ਰਹੀ ਸੀ.ਜੋ ਤੂੜੀ ਨਾਲ ਭਰੀ ਟਰਾਲੀ ਵਿਚ ਜਾ ਵਜੀ.ਧਾਗਾ ਮਿੱਲ ਦੀ ਬਸ ਵਿਚ ਵੱਡੀ ਤਾਦਾਦ ਵਿਚ ਔਰਤਾਂ ਦੀ ਲੇਬਰ ਹੋਣ ਕਾਰਨ ਧਾਗਾ ਮਿੱਲ ਦੀਆਂ 7 ਔਰਤਾਂ ਜ਼ਖ਼ਮੀ ਹੋ ਗਈਆਂ। ਆਪਣੀ ਗ਼ਲਤੀ ਨੂੰ ਛੁਪਾਉਂਦੇ ਹੋਏ ਧਾਗਾ ਮਿੱਲ ਦੇ ਪ੍ਰਬੰਧਕਾਂ ਨੇ ਜ਼ਖ਼ਮੀ ਔਰਤਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਵਾਈ ਦਿਵਾ ਕੇ ਘਰੇ ਭੇਜ ਦਿਤਾ ਅਤੇ ਹਾਦਸਾਗ੍ਰਸਤ ਬਸ ਟਿਕਾਣੇ ਲਾ ਦਿਤਾ।
ਦੂਜਾ ਹਾਦਸਾ ਉਸ ਸਮੇਂ ਵਾਪਰਿਆ ਜਦ ਧਾਗਾ ਮਿੱਲ ਦੀ ਬੱਸ ਦਾ ਪਤਾ ਲੱਗਣ ਉਤੇ ਤਪਾ ਪੁਲਿਸ ਪ੍ਰਸ਼ਾਸਨ ਦੀ ਗਸ਼ਤ ਪਾਰਟੀ ਦੀ ਜੀਪ ਹਾਦਸੇ ਵਾਲੀ ਥਾਂ ਉਤੇ ਜਾਰੀ ਸੀ ਕਿ ਇਕ ਤੇਜ਼ ਰਫ਼ਤਾਰ ਟਰੱਕ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿਤੀ। ਟਰੱਕ ਅਤੇ ਪੁਲਿਸ ਜੀਪ ਵਿਚ ਹੋਈ ਟੱਕਰ ਵਿਚ ਪੁਲਿਸ ਜੀਪ ਦੇ ਡਰਾਈਵਰ ਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਜਿਸ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਜੀਪ ਪਲਟਦੀ ਹੋਈ ਡਿਵਾਈਡਰ ਤੋਂ ਅੱਗੇ ਖਤਾਨਾਂ ਵਿਚ ਜਾ ਵਜੀ।
ਤੀਸਰਾ ਹਾਦਸਾ ਉਸ ਸਮੇਂ ਵਾਪਰਿਆ ਜਦ ਇਹ ਹਾਦਸੇ ਲਈ ਬਠਿੰਡਾ ਸਾਈਡ ਵਲ ਜਾ ਰਿਹਾ ਟਰੱਕ ਸੜਕ ਉਤੇ ਹਾਦਸੇ ਨੂੰ ਵੇਖਣ ਲਈ ਖੜ੍ਹ ਗਿਆ ਅਤੇ ਪਿੱਛੋਂ ਇਕ ਪਤੀ ਪਤਨੀ ਸਵਿਫ਼ਟ ਕਾਰ ਰਾਹੀਂ ਬਠਿੰਡਾ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਗੱਡੀ ਇਸ ਟਰੱਕ ਦੇ ਪਿੱਛੇ ਜਾ ਵਜੀ। ਇਸ ਟੱਕਰ ਵਿਚ ਕਾਰ ਚਾਲਕ ਵਾਲ-ਵਾਲ ਬਚ ਗਿਆ ਪਰ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਲਈ ਲਿਜਾਇਆ ਗਿਆ। ਇਹ ਸਾਰੇ ਹਾਦਸੇ ਬਰਨਾਲਾ ਬਠਿੰਡਾ ਨੈਸ਼ਨਲ ਉਤੇ ਥੋੜ੍ਹੇ-ਥੋੜ੍ਹੇ ਫ਼ਰਕ ਨਾਲ ਹੀ ਹੋਏ ਜਿਨ੍ਹਾਂ ਵਿਚ ਗਿਆਰਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ ਅਤੇ ਪੰਜ ਵਾਹਨ ਹਾਦਸਾਗ੍ਰਸਤ ਹੋ ਗਏ।
13---4ਸੀ