
20 ਮਾਰਚ ਤੋਂ ਹੋਵੇਗਾ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ
Lok Sabha Elections: ਚੰਡੀਗੜ੍ਹ – ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੇ ਪ੍ਰੋਗਰਾਮ ਉਲੀਕ ਲਏ ਹਨ ਤੇ ਇਸ ਚੋਣਾਂ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਸਮੇਤ ਸੀਨੀਅਰ ਕੌਮੀ ਨੇਤਾ ਰੈਲੀਆਂ ਨੂੰ ਸੰਬੋਧਨ ਕਰਨ ਪੰਜਾਬ ਆਉਣਗੇ। 20 ਮਾਰਚ ਤੋਂ ਬਾਅਦ ਇਨ੍ਹਾਂ ਨੇਤਾਵਾਂ ਦੀਆਂ ਇਹ ਰੈਲੀਆਂ ਹੋਣੀਆਂ ਹਨ ਤੇ ਲੋਕ ਸਭਾ ਚੋਣਾਂ ਲਈ ਸ਼ਖਤੀ ਪ੍ਰਦਰਸ਼ਨ ਕੀਤਾ ਜਾਵੇਗਾ।
ਭਾਜਪਾ ਨੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਨੂੰ 5 ਕਲੱਸਟਰਾਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਅੰਮ੍ਰਿਤਸਰ, ਜਲੰਧਰ ਤੇ ਗੁਰਦਾਸਪੁਰ ਲੋਕਸਭਾ ਹਲਕਿਆਂ ਦਾ ਇਕ ਕਲੱਸਟਰ, ਸ਼੍ਰੀ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਤੇ ਬਠਿੰਡਾ ਦਾ ਅਲੱਗ, ਲੁਧਿਆਣਾ, ਸੰਗਰੂਰ ਤੇ ਪਟਿਆਲਾ ਹਲਕਿਆਂ ਦਾ ਕਲੱਸਟਰ, ਫਰੀਦਕੋਟ ਤੇ ਫ਼ਤਹਿਗੜ੍ਹ ਸਾਹਿਬ ਦਾ ਕਲੱਸਟਰ ਤੇ ਖਡੂਰ ਸਾਹਿਬ ਤੇ ਫਿਰੋਜ਼ਪੁਰ ਲੋਕਸਭਾ ਹਲਕਿਆਂ ਦੇ ਕਲੱਸਟਰ ਸ਼ਾਮਲ ਹਨ। ਪਾਰਟੀ ਸੂਤਰਾਂ ਮੁਤਾਬਿਕ ਉਕਤ ਕੇਂਦਰੀ ਨੇਤਾਵਾਂ ਦੀ ਕਲੱਸਟਰ ਵਿਚ ਇਕ ਰੈਲੀ ਹੋਵੇਗੀ।
ਫਰਵਰੀ ਵਿਚ 1 ਤੋਂ 15 ਤਾਰੀਕ ਤੱਕ ਭਾਜਪਾ ਪੂਰੇ ਪੰਜਾਬ ਵਿਚ ਪਿੰਡ ਚਲੋ ਮੁਹਿੰਮ ਚਲਾਏਗੀ। ਇਸ ਦੇ ਤਹਿਤ ਸੂਬੇ ਦੇ ਸਭ ਸੀਨੀਅਰ ਨੇਤਾ ਕਿਸੇ ਵੀ 1 ਪਿੰਡ ਵਿਚ 24 ਘੰਟੇ ਰੁਕਣਗੇ। ਇਸ ਦੌਰਾਨ ਉਹ ਰਾਤ ਨੂੰ ਵੀ ਉਸੇ ਪਿੰਡ ਵਿਚ ਰਹਿਣਗੇ ਤੇ ਕਿਸਾਨਾਂ, ਪੰਚਾਇਤਾਂ, ਧਾਰਮਿਕ ਤੇ ਸਮਾਜਿਕ ਸੰਗਠਨਾਂ ਤੋਂ ਇਲਾਵਾ ਪਿੰਡ ਦੇ ਪ੍ਰਮੁੱਖ ਲੋਕਾਂ ਲਾਲ ਸੰਪਰਕ ਕਰ ਕੇ ਪਾਰਟੀ, ਸੂਬਾ ਤੇ ਦੇਸ਼ ਦੀ ਰਾਜਨੀਤੀ ਬਾਰੇ ਚਰਚਾ ਕਰਨਗੇ। ਪਿੰਡ ਚਲੋ ਮੁਹਿੰਮ ਵਿਚ ਸੂਬੇ ਤੋਂ ਕੇਂਦਰੀ ਮੰਤਰੀ ਤੋਂ ਲੈ ਕੇ ਮੰਡਲ ਦੇ ਅਹੁਦੇਦਾਰ ਪਿੰਡ ਵਿਚ ਰਹਿਣਗੇ।