
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਦੇ ਵਿਦਿਅਕ ਢਾਂਚੇ ਅਤੇ ਖੇਡ ਸੁਵਿਧਾਵਾਂ ਦਾ ਪੱਧਰ ਉੱਚਾ ਚੁੱਕਣ ਲਈ 11 ਲੱਖ ਰੁਪਏ...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਦੇ ਵਿਦਿਅਕ ਢਾਂਚੇ ਅਤੇ ਖੇਡ ਸੁਵਿਧਾਵਾਂ ਦਾ ਪੱਧਰ ਉੱਚਾ ਚੁੱਕਣ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਸੰਸਥਾ ਦੇ ਤਕਰੀਬਨ 50 ਯਤੀਮ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਵਾਸਤੇ ਅਨਾਥਾਲਿਆ ਦੇ ਨਾਲ ਤਾਲਮੇਲ ਰੱਖਣ ਲਈ ਅਪਣੇ ਓ.ਐਸ.ਡੀ. ਨੂੰ ਨਿਰਦੇਸ਼ ਦਿਤੇ ਹਨ।
Captain sactions Rs. 11 Lakh for arya anathalya ferozepur
ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਵਿਚ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ ਤਾਂ ਜੋ ਉਹ ਭਵਿੱਖ ਵਿਚ ਰਾਸ਼ਟਰੀ ਪ੍ਰਗਤੀ 'ਚ ਅਪਣਾ ਯੋਗਦਾਨ ਪਾ ਸਕਣ। ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਅਪਣੀ ਮਾਂ ਭੂਮੀ ਦੀ ਸੇਵਾ ਕਰਨ ਵਾਸਤੇ ਰੱਖਿਆ ਫੋਰਸਾਂ ਵਿਚ ਅਪਣਾ ਕੈਰੀਅਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਰਤ ਦੇ ਹਿੱਤ ਅਤੇ ਸਨਮਾਣ ਨੂੰ ਹਰ ਇਕ ਚੀਜ਼ ਤੋਂ ਹਮੇਸ਼ਾਂ ਹੀ ਉੱਪਰ ਰੱਖਣ ਲਈ ਬੱਚਿਆਂ ਨੂੰ ਆਖਿਆ।
ਇਹ ਅਨਾਥਾਲਿਆ ਸਵਾਮੀ ਦਯਾਨੰਦ ਸਰਸਵਤੀ ਵਲੋਂ 1877 ਵਿਚ ਸਥਾਪਤ ਕੀਤਾ ਗਿਆ ਸੀ। ਇਸ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਨੇਕਾਂ ਕੀਮਤੀ ਨੌਜਵਾਨਾਂ ਨੂੰ ਯੋਗ ਬਣਾਉਣ ਅਤੇ ਸੰਭਾਲਣ ਦਾ ਵਸੀਲਾ ਬਣਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਇੰਸਟੀਚਿਊਟ ਭਵਿੱਖ ਵਿਚ ਵੀ ਅਪਣੇ ਉਦੇਸ਼ਾ ਲਈ ਲਗਾਤਾਰ ਵਿਕਾਸ ਕਰਦਾ ਰਹੇਗਾ। ਮੁੱਖ ਮੰਤਰੀ ਨੇ ਵਿਧਾਨ ਸਭਾ ਦਾ ਸਮਾਗਮ ਦੇਖਣ ਬਾਰੇ ਬੱਚਿਆਂ ਦੇ ਤਜਰਬੇ ਪੁੱਛੇ।
Captain sanctions Rs. 11 Lakh for arya anathalya ferozepur
ਇਸ ਸਬੰਧ ਵਿਚ ਬੱਚਿਆਂ ਨੇ ਉਤਸ਼ਾਹਪੂਰਨ ਢੰਗ ਨਾਲ ਅਪਣੇ ਜਵਾਬ ਦਿਤੇ ਅਤੇ ਉਨ੍ਹਾਂ ਨੇ ਛੇਤੀ ਹੀ ਮੁੜ ਇੱਥੋਂ ਦਾ ਦੌਰਾ ਕਰਨ ਦੀ ਆਗਿਆ ਦੇਣ ਵਾਸਤੇ ਵੀ ਮੁੱਖ ਮੰਤਰੀ ਨੂੰ ਬੇਨਤੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਫਿਰੋਜ਼ਪੁਰ ਦੇ ਦੌਰੇ ਦੌਰਾਨ ਇਸ ਸੰਸਥਾ ਵਿਚ ਬੱਚਿਆਂ ਨੂੰ ਮਿਲਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਹਾਜ਼ਰ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇਸ ਇੰਸਟੀਚਿਊਟ ਨੂੰ ਵਿੱਤੀ ਸਹਾਇਤਾ ਦੇਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਾਹਨਾ ਕੀਤੀ।
ਉਨ੍ਹਾਂ ਕਿਹਾ ਕਿ ਇਸ ਨਾਲ ਇਨ੍ਹਾਂ ਬੱਚਿਆਂ ਦਾ ਵਧੀਆ ਭਵਿੱਖ ਯਕੀਨੀ ਬਣ ਸਕੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਰੂਰਤਮੰਦ ਵਿਦਿਆਰਥੀਆਂ ਲਈ ਕਦੇ ਵੀ ਕਿਸੇ ਵੀ ਮੁੱਖ ਮੰਤਰੀ ਨੇ ਇਸ ਤਰ੍ਹਾਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਬੱਚਿਆਂ ਦੀ ਸਥਿਤੀ ਬਾਰੇ ਭਲੀ ਭਾਂਤ ਜਾਣਦੇ ਹਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਨਵਤੇਜ ਸਿੰਘ ਚੀਮਾ, ਫਤਹਿ ਜੰਗ ਸਿੰਘ ਬਾਜਵਾ, ਦਲਵੀਰ ਸਿੰਘ ਗੋਲਡੀ, ਬਲਵਿੰਦਰ ਸਿੰਘ ਲਾਡੀ ਵੀ ਹਾਜ਼ਰ ਸਨ।