
ਹੁਸੈਨੀਵਾਲਾ ਬਾਰਡਰ ਵਿਖੇ ਲਹਿਰਾਇਆ ਗਿਆ 165 ਫ਼ੁੱਟ ਉਚਾ ਰਾਸ਼ਟਰੀ ਝੰਡਾ
ਫ਼ਿਰੋਜ਼ਪੁਰ, 13 ਫ਼ਰਵਰੀ (ਗੁਰਬਚਨ ਸਿੰਘ ਸੋਨੂੰ): ਮੈਂ ਜਦੋਂ ਵੀ ਹੁਸੈਨੀਵਾਲਾ ਬਾਰਡਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧਾਂ ਉਤੇ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਮੈਨੂੰ ਉੱਥੋਂ ਹਮੇਸ਼ਾ ਇਹ ਪ੍ਰੇਰਣਾ ਮਿਲਦੀ ਸੀ ਕਿ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਉੱਚਾ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅੱਜ ਹੁਸੈਨੀਵਾਲਾ ਬਾਰਡਰ ਵਿਖੇ 165 ਫ਼ੁੱਟ ਉੱਚੇ ਲੰਬੇ ਪੋਲ ਉਤੇ ਰਾਸ਼ਟਰੀ ਝੰਡਾ ਚੜ੍ਹਾਉਣ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੇ ਦੇਸ਼ ਲਈ ਕਈ ਦੇਸ਼ਭਗਤਾਂ ਨੇ ਅਪਣੀਆ ਕੁਰਬਾਨੀਆਂ ਦਿਤੀਆਂ ਹਨ ਅਤੇ ਇਹ 165 ਫ਼ੁੱਟ ਰਾਸ਼ਟਰੀ ਝੰਡਾ ਸਾਨੂੰ ਅਤੇ ਸਾਡੀ ਨਵੀਂ ਪੀੜੀ ਨੂੰ ਉਨ੍ਹਾ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਏਗਾ ਅਤੇ ਨਵੀਂ ਪੀੜੀ ਲਈ ਇਕ ਪ੍ਰੇਰਨਾ ਸਰੋਤ ਵੀ ਹੋਵੇਗਾ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਦੇਸ਼ ਦੀ ਆਖੰਡਤਾ, ਏਕਤਾ ਤੇ ਸ਼ਾਂਤੀ ਦਾ ਵੀ ਪ੍ਰਤੀਕ ਹੈ ਅਤੇ ਇਹ ਰਾਸ਼ਟਰੀ ਝੰਡਾ ਸਾਡੇ ਵਿਚ ਏਕਤਾ ਤੇ ਆਖੰਡਾ ਦੀ ਭਾਵਨਾ ਵਿਚ ਵੀ ਮਜ਼ਬੂਤੀ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕ ਹੁਸੈਨੀਵਾਲਾ ਬਾਰਡਰ ਵਿਖੇ ਆਉਣਗੇ ਤਾਂ ਇਹ 165 ਫ਼ੁੱਟ ਉੱਚਾ ਰਾਸ਼ਟਰੀ ਝੰਡਾ ਵੇਖ ਕੇ ਦੇਸ਼ ਪ੍ਰਤੀ ਇਕ ਵੱਖਰੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਖੇ ਜੋ ਝੰਡਾ ਹੈ ਉਹ 145 ਫ਼ੁੱਟ ਦਾ ਹੈ ਅਤੇ ਹੁਣ ਜੋ ਇੱਥੇ ਫ਼ਿਰੋਜ਼ਪੁਰ ਹੁਸੈਨੀਵਾਲਾ ਬਾਰਡਰ ਵਿਖੇ ਲਹਿਰਾਇਆ ਗਿਆ ਇਹ 165 ਫ਼ੁੱਟ ਦਾ ਝੰਡਾ ਲਹਿਰਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਸਾਡੇ ਦੇਸ਼ ਦਾ ਮਾਣ ਸਨਮਾਨ ਹੈ ਅਤੇ ਇਸ ਲਈ ਅਸੀ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਅਤੇ ਜਦੋਂ ਵੀ ਅਸੀਂ ਤਿਰੰਗੇ ਵਲ ਦੇਖਦੇ ਹਾਂ ਤਾਂ ਸਾਡੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਸ਼ਾਂਤੀ ਪ੍ਰਤੀ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਅਪਣੀਆਂ ਗ਼ਲਤ ਨੀਤੀਆਂ ਛੱਡ ਕੇ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਪਾਕਿਸਤਾਨ ਨਾਲ ਪਹਿਲਾਂ ਵਪਾਰ ਚੱਲਦਾ ਸੀ। ਉਸੇ ਤਰ੍ਹਾਂ ਇਕ ਵਾਰ ਫਿਰ ਤੋਂ ਇਹ ਵਪਾਰ ਚੱਲਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ ਵਧਣੀ ਚਾਹੀਦੀ ਹੈ।
ਫੋਟੋ ਫਾਈਲ: 13 ਐੱਫਜੈੱਡਆਰ 06