
ਪਛਮੀ ਬੰਗਾਲ ਨਗਰ ਨਿਗਮ ਚੋਣਾਂ ਜਿੱਤਣ ’ਤੇ ਮਮਤਾ ਬੈਨਰਜੀ ਨੇ ਲੋਕਾਂ ਦਾ ਕੀਤਾ ਧਨਵਾਦ
ਕੋਲਕਾਤਾ, 14 ਫ਼ਰਵਰੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿ੍ਰਣਮੂਲ ਕਾਂਗਰਸ ਦੇ ਪੱਖ ਵਿਚ ਵੋਟ ਦੇਣ ਲਈ ਸੋਮਵਾਰ ਨੂੰ ਲੋਕਾਂ ਦਾ ਧਨਵਾਦ ਕੀਤਾ। ਟੀ.ਐਮ.ਸੀ. ਚਾਰੇ ਨਗਰ ਨਿਗਮਾਂ ਬਿਧਾਨਨਗਰ, ਸਿਲੀਗੁੜੀ, ਚੰਦਰਨਰ ਅਤੇ ਆਸਨਸੋਲ ਵਿਚ ਜਿਤ ਦਰਜ ਕੀਤੀ। ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਟੀ.ਐਮ.ਸੀ. ਨੇ 41 ’ਚੋਂ 39 ਸੀਟਾਂ ’ਤੇ ਜਿਤ ਦਰਜ ਕਰਦੇ ਹੋਏ ਬਿਧਾਨਗਰ ਨਗਰ ਨਿਗਮ ’ਤੇ ਮੁੜ ਕਬਜ਼ਾ ਕਰ ਲਿਆ ਹੈ, ਜਦੋਂ ਕਿ ਵਿਰੋਧੀ ਦਲ ਭਾਜਪਾ ਅਤੇ ਮਾਰਕਸਵਾਦੀ ਪਾਰਟੀ (ਮਾਕਪਾ) ਇੱਥੇ ਅਪਣਾ ਖਾਤਾ ਤਕ ਨਹੀਂ ਖੋਲ੍ਹ ਸਕੀ। ਕਾਂਗਰਸ ਨੇ ਇਕ ਸੀਟ ’ਤੇ ਜਿਤ ਦਰਜ ਕੀਤੀ ਅਤੇ ਆਜ਼ਾਦ ਉਮੀਦਵਾਰ ਇਕ ਵਾਰਡ ਵਿਚ ਜਿਤਿਆ ਹੈ। ਨਗਰ ਨਿਗਮ ਚੋਣਾਂ 12 ਫ਼ਰਵਰੀ ਨੂੰ ਹੋਈਆਂ ਸਨ।
ਬੈਨਰਜੀ ਨੇ ਇਹ ਵੀ ਕਿਹਾ ਕਿ ਸੂਬੇ ਦਾ ਪ੍ਰਸ਼ਾਸਨ ਆਮ ਲੋਕਾਂ ਦੇ ਹਿਤ ਵਿਚ ਕੰਮ ਕਰਦਾ ਰਹੇਗਾ। ਸਮਾਜਵਾਦੀ ਪਾਰਟੀ (ਸਪਾ) ਲਈ ਪ੍ਰਚਾਰ ਕਰਨ ਪਿਛਲੇ ਹਫ਼ਤੇ ਉੱਤਰ ਪ੍ਰਦੇਸ਼ ਗਈ ਟੀ.ਐਮ.ਸੀ. ਸੁਪਰੀਮੋ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਉਸ ਸੂਬੇ ਵਿਚ ਚੋਣਾਂ ਨਹੀਂ ਲੜਨ ਦਾ ਫ਼ੈਸਲਾ ਕੀਤਾ ਹੈ। ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ,‘‘ਟੀ.ਐਮ.ਸੀ. ਨੇ ਉੱਤਰ ਪ੍ਰਦੇਸ਼ ਵਿਚ ਕੋਈ ਉਮੀਦਵਾਰ ਖੜਾ ਨਹੀਂ ਕੀਤਾ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਅਖਿਲੇਸ਼ ਯਾਦਵ (ਸਪਾ ਮੁਖੀ) ਕਿਸੇ ਵੀ ਸੀਟ ’ਤੇ ਕਮਜ਼ੋਰ ਪੈਣ। ਚੋਣਾਂ ਦੇ ਪਹਿਲੇ ਗੇੜ ਵਿਚ ਮੈਨੂੰ ਉਮੀਦ ਹੈ ਕਿ ਅਖਿਲੇਸ਼ ਦੀ ਪਾਰਟੀ 57 ’ਚੋਂ 37 ਸੀਟਾਂ ’ਤੇ ਜਿਤ ਦਰਜ ਕਰੇਗੀ।’’
ਮਮਤਾ ਨੇ ਇਹ ਵੀ ਕਿਹਾ ਕਿ ਉਹ ਵਾਰਾਣਸੀ ਵਿਚ ਰੈਲੀ ਕਰਨ ਲਈ 3 ਮਾਰਚ ਨੂੰ ਉੱਤਰ ਪ੍ਰਦੇਸ਼ ਜਾਵੇਗੀ। ਕਾਂਗਰਸ ਦੀ ਆਲੋਚਨਾ ਕਰਦੇ ਹੋਏ ਬੈਨਰਜੀ ਨੇ ਦਾਅਵਾ ਕੀਤਾ ਕਿ ਕਿਸੇ ਵੀ ਖੇਤਰੀ ਦਲ ਦੇ ਕਾਂਗਰਸ ਨਾਲ ਚੰਗੇ ਸਬੰਧ ਨਹੀਂ ਹਨ।
ਉਨ੍ਹਾਂ ਕਿਹਾ,‘‘ਕਾਂਗਰਸ ਅਪਣੇ ਰਸਤੇ ਚਲ ਸਕਦੀ ਹੈ, ਅਸੀਂ ਅਪਣੇ ਰਸਤੇ ’ਤੇ ਚਲਾਂਗੇ।’’ ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਦੇ ਸੰਵਿਧਾਨ ਨੂੰ ਨਸ਼ਟ ਕਰ ਦਿਤਾ ਹੈ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ.ਆਰ. ਨਾਲ ਗਲ ਕੀਤੀ ਹੈ ਅਤੇ ਇਕੱਠੇ ਮਿਲ ਕੇ ਅਸੀਂ ਸੰਘੀ ਢਾਂਚੇ ਦੀ ਰਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। (ਪੀਟੀਆਈ)