
ਸੁਖਬੀਰ ਬਾਦਲ ਦੇ ਸੁੱਖ ਵਿਲਾਸ ਹੋਟਲ ਦੀ ਜਗ੍ਹਾ ਰਾਜੀਵ ਗਾਂਧੀ ਜੀ ਦੇ ਨਾਮ 'ਤੇ ਸਕੂਲ ਬਣਾਇਆ ਜਾਵੇਗਾ।
ਹੁਸ਼ਿਆਰਪੁਰ - ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਪਹੁੰਚੇ ਤੇ ਉਹ ਹੁਸ਼ਿਆਰਪੁਰ ਵਿਚ ਬਰਿੰਜੀਤ ਸਿੰਘ ਪਾਹੜਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਰੈਲੀ ਦੌਰਾਨ ਉਹਨਾਂ ਦੇ ਨਾਲ ਨਵਜੋਤ ਸਿੱਧੂ, ਸੁਨੀਲ ਜਾਖੜ ਵੀ ਸ਼ਾਮਲ ਸਨ। ਇਸ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਮਾਡਲ ਦੀ ਗੱਲ ਕੀਤੀ ਤੇ ਕਿਹਾ ਕਿ ਪੰਜਾਬ ਵਿਚੋਂ ਮਾਫ਼ੀਆ ਤੇ ਨਸ਼ੇ ਦਾ ਖਾਤਮਾ ਕਰਨਾ ਹੀ ਸਾਡਾ ਪੰਜਾਬ ਮਾਡਲ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਨਕਸ਼ੇ ਤੋਂ ਮਾਫੀਆ ਰਾਜ ਦਾ ਖਾਤਮਾ ਕੀਤਾ ਜਾਵੇਗਾ ਤੇ ਉਸ ਤੋਂ ਵਸੂਲੇ ਪੈਸੇ ਲੋਕਾਂ 'ਤੇ ਲਗਾਏ ਜਾਣਗੇ।
Navjot Sidhu
ਜੋ ਚੋਰੀਆਂ ਪੰਜਾਬ ਵਿਚ ਚੱਲ ਰਹੀਆਂ ਨੇ ਉਹਨਾਂ ਨੂੰ ਖ਼ਤਮ ਕਰ ਕੇ ਨੌਜਵਾਨਾਂ ਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹੀ ਸਾਡਾ ਤੇ ਰਾਹੁਲ ਗਾਂਧੀ ਦਾ ਪੰਜਾਬ ਮਾਡਲ ਹੈ। ਸਿੱਧੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਮੈਂ ਅੱਜ ਤੱਕ ਕੁਝ ਨਹੀਂ ਮੰਗਿਆ। ਜੇਕਰ ਸਾਡੀ ਸਰਕਾਰ ਆ ਗਈ ਅਤੇ ਮੈਂ ਪ੍ਰਧਾਨ ਬਣਿਆ ਰਿਹਾ ਤਾਂ ਕਿਸੇ ਵਿਧਾਇਕ ਦੇ ਪੁੱਤਰ ਨੂੰ ਚੇਅਰਮੈਨੀ ਨਹੀਂ ਮਿਲੇਗੀ। ਕਾਂਗਰਸੀ ਵਰਕਰ ਨੂੰ ਅਹੁਦੇ ਦਿੱਤੇ ਜਾਣਗੇ। ਇਸ ਨਾਲ ਪੰਜਾਬ ਵਿੱਚ ਕਾਂਗਰਸ ਮਜ਼ਬੂਤ ਹੋਵੇਗੀ।
Navjot Sidhu
ਰੇਤ ਮਾਫ਼ੀਆ ਦੀ ਗੱਲ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਰੇਤ ਮਾਫ਼ੀਆ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ ਤੇ ਰੇਤ ਦੀ ਟਰਾਲੀ 1000 ਜਾਂ 1200 ਤੋਂ ਵੱਧ ਨਹੀਂ ਦਿੱਤੀ ਜਾਵੇਗੀ ਇਹ ਕਾਂਗਰਸ ਪਾਰਟੀ ਦਾ ਵਾਅਦਾ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਅਕਾਲੀ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਜੋ ਨਸ਼ਿਆ ਦੀ ਦਲਦਲ ਵਿਚ ਨੌਜਵਾਨਾਂ ਨੂੰ ਧੱਕਿਆ ਹੈ ਉਸ ਦਾ ਹਿਸਾਬ ਲਿਆ ਜਾਵੇਗਾ ਤੇ ਨਸ਼ਿਆ ਦੀ ਜੜ੍ਹ ਨੂੰ ਖ਼ਤਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਨੂੰ ਠੱਲ੍ਹ ਪਾਈ ਜਾਵੇਗੀ ਤੇ ਜੋ ਸੁਖਬੀਰ ਬਾਦਲ ਦਾ ਸੁੱਖ ਵਿਲਾਸ ਹੋਟਲ ਹੈ ਉੱਥੇ ਰਾਜੀਵ ਗਾਂਧੀ ਜੀ ਦੇ ਨਾਮ 'ਤੇ ਸਕੂਲ ਬਣਾਇਆ ਜਾਵੇਗਾ।