
ਸਮਿਤ ਸਿੰਘ ਵਰਗੇ ਨੌਜਵਾਨ ਹੀ ਬਦਲਾਅ ਲਿਆ ਸਕਦੇ ਹਨ : ਮੁੱਖ ਮੰਤਰੀ
ਅਮਰਗੜ੍ਹ, ਕੁੱਪ ਕਲਾਂ, 13 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ, ਮਨਜੀਤ ਸਿੰਘ ਸੋਹੀ, ਕਲਦੀਪ ਲਵਲੀ): ਅੱਜ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਨੌਜਵਾਨ ਉਮੀਦਵਾਰ ਸਮਿਤ ਸਿੰਘ ਮਾਨ ਦੇ ਹੱਕ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਿਡਨੀ ਗਾਰਡਨ ਪੈਲੇਸ, ਪਿੰਡ ਮੰਡੀਆਂ ਵਿਖੇ ਵਿਸ਼ਾਲ ਰੈਲੀ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਮਿਤ ਸਿੰਘ ਬਹੁਤ ਹੀ ਹੋਣਹਾਰ, ਸੂਝਵਾਨ, ਰਾਜਨੀਤੀ ਦੀ ਸੂਝ ਰੱਖਣ ਵਾਲਾ, ਇਮਾਨਦਾਰ ਤੇ ਸੇਵਾ ਭਾਵਨਾ ਵਾਲੇ ਪ੍ਰਵਾਰਕ ਪਿਛੋਕੜ ਵਾਲਾ ਨੌਜਵਾਨ ਹੈ, ਉਹ ਸੇਵਾ ਭਾਵਨਾ ਦੇ ਨਾਲ ਅੱਗੇ ਆਇਆ ਹੈ | ਅਜਿਹੇ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ | ਸਮਿਤ ਸਿੰਘ ਵਰਗੇ ਨੌਜਵਾਨ ਹੀ ਬਦਲਾਅ ਲਿਆ ਸਕਦੇ ਹਨ | ਇਸੇ ਕਰ ਕੇ ਪਾਰਟੀ ਨੇ ਬਹੁਤ ਸੋਚ ਸਮਝ ਕੇ ਇਸ ਨੌਜਵਾਨ ਨੂੰ ਅੱਗੇ ਲਿਆਂਦਾ ਹੈ |
ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹਨ ਕਿ ਅਸੀਂ ਆਮ ਹਾਂ ਪਰ ਉਨ੍ਹਾਂ ਦੇ 117 ਉਮੀਦਵਾਰਾਂ ਵਿਚੋਂ 50 ਤੋਂ ਜ਼ਿਆਦਾ ਦੂਸਰੀਆਂ ਪਾਰਟੀਆਂ ਵਿਚੋਂ ਆਏ ਹੋਏ ਹਨ, ਕੋਈ ਅਕਾਲੀਆਂ ਵਿਚੋਂ, ਕੋਈ ਬੀਜੇਪੀ ਵਿਚੋਂ | ਇਹ ਉਹ ਲੋਕ ਹਨ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਨਕਾਰ ਦਿਤਾ ਹੈ, ਜਿਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ | ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਕੋਲ ਅਜਿਹੀ ਕਿਹੜੀ ਛੜੀ ਹੈ ਜਿਸ ਨੂੰ ਘੁਮਾ ਕੇ ਉਹ ਹਰ ਭਿ੍ਸ਼ਟ ਆਦਮੀ ਨੂੰ ਦੁੱਧ ਧੋਤਾ ਕਰ ਦਿੰਦੇ ਹਨ, ਜੋ ਦੂਸਰੀ ਪਾਰਟੀ 'ਚ ਮਾੜੇ ਹਨ ਆਮ ਆਦਮੀ ਪਾਰਟੀ ਵਿਚ ਜਾ ਕੇ ਚੰਗੇ ਹੋ ਜਾਂਦੇ ਹਨ | ਅਜਿਹੇ ਬਦਲਾਅ ਦੀ ਪੰਜਾਬ ਨੂੰ ਲੋੜ ਨਹੀਂ ਹੈ, ਆਦਮੀ ਪਾਰਟੀ ਵਿਚ ਸਿਰਫ਼ ਅਹੁਦਿਆਂ ਦੇ ਭੁੱਖੇ ਲੋਕ ਹਨ | ਪੰਜਾਬ ਨੂੰ ਸਮਿਤ ਸਿੰਘ ਵਰਗੇ ਨੌਜਵਾਨਾਂ ਦੀ ਲੋੜ ਹੈ, ਜਿਨ੍ਹਾਂ ਅੰਦਰ ਕੰਮ ਕਰਨ ਦਾ ਜੋਸ਼ ਹੈ, ਜਿਨ੍ਹਾਂ ਅੰਦਰ ਸਮਾਜ ਸੇਵਾ ਦੀ ਸੋਚ ਹੈ, ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ | ਆਮ ਆਦਮੀ ਪਾਰਟੀ ਦੇ ਭੇਸ ਵਿਚ ਦਿੱਲੀ ਤੋਂ ਕਾਲੇ ਅੰਗਰੇਜ਼ ਪੰਜਾਬ ਨੂੰ ਲੁੱਟਣ ਆਏ ਹਨ | ਉਨ੍ਹਾਂ ਐਲਾਨ ਕੀਤਾ ਕਿ ਮੁਸਲਿਮ, ਦਲਿਤ, ਬੀਸੀ ਅਤੇ ਜਨਰਲ ਬੱਚਿਆਂ ਲਈ ਸਕਾਲਰਸ਼ਿਪ ਸ਼ੁਰੂ ਕੀਤੀ ਜਾਵੇਗੀ ਅਤੇ ਸੱਭ ਮੁਢਲੀਆਂ ਸਹੂਲਤਾਂ ਮੁਫ਼ਤ ਦਿਤੀਆਂ ਜਾਣਗੀਆਂ |
ਮੁੱਖ ਮੰਤਰੀ ਚੰਨੀ ਦਾ ਅਮਰਗੜ੍ਹ ਹਲਕੇ ਵਿਚ ਪਹੁੰਚਣ ਉੱਤੇ ਸਵਾਗਤ ਕਰਦਿਆਂ ਸਮਿਤ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਹਲਕੇ ਵਿਚ ਪਹੁੰਚਣ ਉਪਰ ਉਹ ਨਿਮਾਣਾ ਵੀ ਮਹਿਸੂਸ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਮਾਣ ਵੀ ਮਹਿਸੂਸ ਹੋ ਰਿਹਾ ਹੈ | ਅਪਣੇ ਰਾਜਨੀਤਕ ਜੀਵਨ ਦੀ ਗੱਲ ਕਰਦਿਆਂ ਸਮਿਤ ਸਿੰਘ ਮਾਨ ਨੇ ਕਿਹਾ ਕਿ ਮੇਰੀ ਰਾਜਨੀਤੀ ਦੀ ਵੱਡੀ ਪ੍ਰੇਰਨਾ ਅਪਣੀ ਪਿਤਾ ਸ. ਧਨਵੰਤ ਸਿੰਘ (ਸਾਬਕਾ ਵਿਧਾਇਕ) ਦੀ ਇਮਾਨਦਾਰੀ ਤੇ ਸਮਾਜ ਸੇਵਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਇਤਿਹਾਸ ਵਿਚ ਦੇਸ਼ ਦੀ ਆਜ਼ਾਦੀ ਲਈ ਸੰਘਰਸ਼, ਦੇਸ਼ ਦੇ ਸੰਵਿਧਾਨ ਦੀ ਸਿਰਜਣਾ, ਐਮ.ਐਸ.ਪੀ, ਪੰਜਾਬ ਵਿਚ ਹਰੀ ਕ੍ਰਾਂਤੀ ਤੇ ਉਦਯੋਗ, ਮਨਰੇਗਾ, ਪੰਜਾਬ ਦਾ ਕਰਜ਼ਾ ਮਾਫ਼ ਕਰਨਾ ਹੈ | ਪੰਜਾਬ ਸਰਕਾਰ ਨੇ ਵੀ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਹੈ, ਕਾਂਗਰਸ ਦੀ ਇਸੇ ਸੋਚ ਤੋਂ ਪ੍ਰੇਰਨਾ ਲੈ ਕੇ ਮੈਂ ਅਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਕੀਤੀ ਹੈ | ਅੱਜ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਦਲਿਤ ਭਾਈਚਾਰੇ ਵਿਚੋਂ ਚੁਣਿਆ ਇਹ ਪੂਰੇ ਪੰਜਾਬ ਵਾਸਤੇ ਸਨਮਾਨ ਦੀ ਗੱਲ ਹੈ |
ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ 111 ਦਿਨ ਦੀ ਸਰਕਾਰ ਨੇ ਸਾਬਤ ਕਰ ਦਿਤਾ ਕਿ ਜੋ 25 ਸਾਲਾਂ ਵਿਚ ਨਹੀਂ ਹੋਇਆ ਉਹ ਤਿੰਨ ਮਹੀਨਿਆਂ ਵਿਚ ਹੋ ਸਕਦਾ ਹੈ | ਮੁੱਖ ਮੰਤਰੀ ਦੇ ਰੈਲੀ ਵਿਚ ਪਹੁੰਚਣ ਤੋਂ ਪਹਿਲਾਂ ਪੰਜਾਬ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਨੇ ਅਪਣੀ ਗਾਇਕੀ ਨਾਲ ਖ਼ੂਬ ਰੰਗ ਬੰਨਿ੍ਹਆ | ਇਸ ਰੈਲੀ ਵਿਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ |
Poto 13-0