
'ਕਾਂਗਰਸ ਪਾਰਟੀ ਰਿਮੋਟ ਕੰਟਰੋਲ ਨਾਲ ਚਲਦੀ'
ਜਲੰਧਰ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਪਹਿਲੀ ਚੋਣ ਰੈਲੀ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਜਰਨੈਲਾਂ ਦੀ ਧਰਤੀ 'ਤੇ ਆਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਤਾਂ ਹੀ ਬਣੇਗਾ ਜਦੋਂ ਨਵਾਂ ਪੰਜਾਬ ਬਣੇਗਾ ਜਿਸ ਵਿੱਚ ਵਿਰਾਸਤ ਵੀ ਹੋਵੇਗੀ। ਨਵਾਂ ਪੰਜਾਬ ਕਰਜ਼ਾ ਮੁਕਤ ਹੋਵੇਗਾ। ਸਾਰਿਆਂ ਨੂੰ ਬਰਾਬਰ ਕੰਮ ਕਰਨ ਦੇ ਮੌਕੇ ਮਿਲਣਗੇ। ਕਾਨੂੰਨ ਦਾ ਰਾਜ ਹੋਵੇਗਾ, ਮਾਫੀਆ ਦਾ ਨਹੀਂ। ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜੋ ਦੇਸ਼ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਕੰਮ ਕਰੇ। ਕਾਂਗਰਸ ਕੰਮ ਕਰਨ ਵਾਲਿਆਂ ਸਾਹਮਣੇ ਹਜ਼ਾਰ ਰੁਕਾਵਟਾਂ ਪਾਉਂਦੀ ਹੈ।
PM modi
ਉਨ੍ਹਾਂ ਕਿਹਾ ਕਿ ਅੱਜ ਦੇਵੀ ਤਾਲਾਬ ਮਾਤਾ ਦੇ ਦਰਸ਼ਨਾਂ ਲਈ ਜਾਣ ਦੀ ਇੱਛਾ ਸੀ ਪਰ ਇੱਥੋਂ ਦੀ ਪੁਲਿਸ ਤੇ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਬੰਧ ਨਹੀਂ ਕਰ ਸਕਦੇ ਤੇ ਕਿਹਾ ਕਿ ਤੁਸੀਂ ਹੈਲੀਕਾਪਟਰ ਰਾਹੀਂ ਜਾਓ। ਮੈਂ ਜ਼ਰੂਰ ਦੁਬਾਰਾ ਆਵਾਂਗਾ ਅਤੇ ਆਪਣੀ ਮਾਂ ਦੇ ਚਰਨਾਂ ਵਿੱਚ ਸਿਰ ਝੁਕਾਵਾਂਗਾ। ਪੂਰਾ ਪੰਜਾਬ ਗਵਾਹ ਹੈ ਕਿ ਅਸੀਂ 1984 ਦੇ ਸਿੱਖ ਦੰਗਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ। ਉਸ ਦੇ ਪੀੜਤਾਂ ਦੀ ਮਦਦ ਕੀਤੀ ਪਰ ਦੰਗਿਆਂ ਦੇ ਦੋਸ਼ੀਆਂ ਨੂੰ ਪਾਰਟੀ ਵਿਚ ਵੱਡੇ ਅਹੁਦੇ ਦੇ ਕੇ ਕਾਂਗਰਸ ਨੇ ਹਮੇਸ਼ਾ ਤੁਹਾਡੇ ਜ਼ਖਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ।
PM Modi
ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਪਾਰਟੀ ਹੈ। ਕਾਂਗਰਸ ਸਰਕਾਰ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੀ। ਜਦੋਂ ਪਾਪ ਦਾ ਘੜਾ ਭਰਦਾ ਹੈ ਤਾਂ ਫੁੱਟਦਾ ਵੀ ਹੈ ਤੇ ਕਾਂਗਰਸ ਦਾ ਵੀ ਇਹੀ ਹਾਲ ਹੈ ਤੇ ਕਾਂਗਰਸ ਨੂੰ ਵੀ ਉਸ ਦੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ। ਅੱਜ ਉਹਨਾਂ ਦੀ ਅਪਣੀ ਹੀ ਪਾਰਟੀ ਬਿਖ਼ਰ ਰਹੀ ਹੈ। ਉਹਨਾਂ ਦੇ ਅਪਣੇ ਹੀ ਲੋਕ ਉਹਨਾਂ ਦੀ ਹਕੀਕਤ ਦੱਸ ਰਹੇ ਹਨ।
PM modi
ਪੀਐਮ ਮੋਦੀ ਨੇ ਅਕਾਲੀ ਦਲ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਸਾਡੇ ਨਾਲ ਬੇਇਨਸਾਫੀ ਹੋਈ ਹੈ। ਭਾਜਪਾ ਦਾ ਉਪ ਮੁੱਖ ਮੰਤਰੀ ਬਣਨਾ ਚਾਹੀਦਾ ਸੀ। ਮਨੋਰੰਜਨ ਕਾਲੀਆ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਸ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਨੂੰ ਤਰਜੀਹ ਦਿੱਤੀ। ਅਸੀਂ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਇਸ ਨੂੰ ਸਵੀਕਾਰ ਕੀਤਾ।
ਪੀਐਮ ਨੇ ਕਿਹਾ ਕਿ ਪੰਜਾਬ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਨਵਾਂ ਪੰਜਾਬ ਕਰਜ਼ਾ ਮੁਕਤ ਅਤੇ ਮੌਕਿਆਂ ਨਾਲ ਭਰਪੂਰ ਹੋਵੇਗਾ। ਨਵੇਂ ਪੰਜਾਬ ਵਿੱਚ ਹਰ ਨਾਗਰਿਕ ਨੂੰ ਬਣਦਾ ਮਾਣ ਸਤਿਕਾਰ ਮਿਲੇਗਾ। ਭ੍ਰਿਸ਼ਟਾਚਾਰ ਅਤੇ ਮਾਫੀਆ ਲਈ ਕੋਈ ਥਾਂ ਨਹੀਂ ਹੋਵੇਗੀ। ਕਾਨੂੰਨ ਦਾ ਰਾਜ ਹੋਵੇਗਾ। ਇਸ ਲਈ ਪੰਜਾਬ ਦਾ ਨਵਾਂ ਨਾਅਰਾ ਹੈ 'ਨਵਾਂ ਪੰਜਾਬ-ਭਾਜਪਾ ਦੇ ਨਾਲ'। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਖਦੇਵ ਸਿੰਘ ਢੀਂਡਸਾ, ਹੰਸ ਰਾਜ ਹੰਸ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਸਨ।