
ਕਿਹਾ, ਜੱਥੇਦਾਰਾਂ ਦੀ ਨਿਯੁਕਤੀ ਤੇ ਉਨ੍ਹਾਂ ਨੂੰ ਹਟਾਉਣ ਦਾ ਵਿਧੀ ਵਿਧਾਨ ਹੋਣਾ ਚਾਹੀਦਾ ਹੈ
ਗਿਆਨੀ ਹਰਪ੍ਰੀਤ ਸਿੰਘ ਦੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਿੱਖ ਸ਼ਖ਼ਸੀਅਤਾਂ ਵਲੋਂ ਆਲੋਚਨਾ ਕੀਤੀ ਗਈ ਹੈ। ਕੀ ਜਥੇਦਾਰ ਨੂੰ ਵਿਧੀ ਵਿਧਾਨ ਨਾਲ ਅਹੁਦੇ ਤੋਂ ਫਾਰਗ਼ ਕੀਤਾ ਗਿਆ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਸਿੱਖ ਬੁੱਧੀਜੀਵੀ ਖੁਸ਼ਹਾਲ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ।
ਬੁੱਧੀਜੀਵੀ ਖੁਸ਼ਹਾਲ ਸਿੰਘ ਨੇ ਕਿਹਾ ਸ਼੍ਰੋਮਣੀ ਕਮੇਟੀ ਕਾਫ਼ੀ ਸਮੇਂ ਤੋਂ ਸਿਧਾਂਤਾਂ, ਰਹੁਰੀਤਾਂ ਨੂੰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। ਅਕਾਲੀ ਦਲ ਵਲੋਂ ਅਕਾਲ ਤਖ਼ਤ ਜਾਂ ਸਿਧਾਂਤਾਂ ਦੀ ਬਜਾਏ ਆਪਣੀ ਸਿਆਸੀ ਹਿੱਤਾਂ ਨੂੰ ਪਹਿਲ ਦਿਤੀ ਜਾ ਰਹੀ ਹੈ। ਅਕਾਲੀ ਦਲ ਨੇ ਜਿਸ ਤਰ੍ਹਾਂ ਦੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਉਸ ਨਾਲ ਹਾਲਾਤ ਪਹਿਲਾਂ ਨਾਲੋਂ ਮਾੜੇ ਹੀ ਹੋਏ ਹਨ।
ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਦੀ ਮੰਗ ’ਤੇ ਬੋਲਦਿਆਂ ਖੁਸ਼ਹਾਲ ਸਿੰਘ ਬੁੱਧੀਜੀਵੀ ਨੇ ਕਿਹਾ ਕਿ ਉਨ੍ਹਾਂ ਦਾ ਆਪਣਾ ਪਿਛੋਕੜ ਬਹੁਤ ਦਾਗ਼ੀ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਤੋਂ ਇਕ ਕਮੇਟੀ ਪਹਿਲਾਂ ਦੋਸ਼ ਮੁਕਤ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇੰਨੇ ਲੰਮੇ ਕਾਰਜਕਾਲ ਦੌਰਾਨ ਪਹਿਲਾਂ ਤਾਂ ਹਰਪ੍ਰੀਤ ਸਿੰਘ ’ਤੇ ਕਿਸੇ ਨੇ ਦੋਸ਼ ਨਹੀਂ ਲਗਾਏ ਪਰ ਹੁਣ ਹਰਪ੍ਰੀਤ ਸਿੰਘ ’ਤੇ ਸਿਆਸਤ ਖੇਡੀ ਜਾ ਰਹੀ ਹੈ ਤੇ ਉਨ੍ਹਾਂ ’ਤੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲਿਆ ਗਿਆ ਉਸ ਨੂੰ ਲੈ ਕੇ ਬਾਦਲ ਪਰਿਵਾਰ ਤੇ ਬਾਦਲ ਦਲ ਸਮਝਦਾ ਹੈ ਕਿ ਸਿਰਫ ਹਰਪ੍ਰੀਤ ਸਿੰਘ ਕਰ ਕੇ ਹੀ ਇਹ ਖ਼ਿਤਾਬ ਵਾਪਸ ਲਿਆ ਗਿਆ ਹੈ ]
ਪਰ ਇਹ ਫ਼ੈਸਲਾ ਤਾਂ ਸਾਰੇ ਜੱਥੇਦਾਰਾਂ ਨੇ ਇਕੱਠੇ ਹੋ ਕੇ ਤੇ ਸਾਂਝੇ ਵਿਚਾਰ ਕਰ ਕੇ ਹੀ ਦਿਤਾ ਸੀ। ਉਨ੍ਹਾਂ ਕਿਹਾ ਕਿ 1925 ਵਿਚ ਅਕਾਲ ਤਖ਼ਤ ਸਾਹਿਬ ਵਿਖੇ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ ਤੇ ਉਦੋਂ ਜ਼ਿਆਦਾਤਰ ਸਿੱਖ ਪੰਜਾਬ ਵਿਚ ਰਹਿੰਦੇ ਸਨ ਪਰ ਹੁਣ ਸਿੱਖ ਕੌਮ ਸਾਰੇ ਸੰਸਾਰ ਵਿਚ ਫੈਲ ਚੁੱਕੀ ਹੈ ਤੇ 100 ਸਾਲ ਬਾਅਦ ਹੁਣ ਸ਼੍ਰੋਮਣੀ ਕਮੇਟੀ ਸਾਰੇ ਸਿੱਖਾਂ ’ਤੇ ਆਪਣੇ ਫ਼ੈਸਲੇ ਨਹੀਂ ਸੁਣਾ ਸਕਦੀ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਜੋ ਹੁਕਮਨਾਮੇ ਜਾਰੀ ਹੁੰਦੇ ਹਨ ਉਹ ਸਾਰੀ ਦੁਨੀਆਂ ਵਿਚ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਫ਼ੈਸਲੇ ਇਕ ਪਰਿਵਾਰ ਲੈ ਰਿਹਾ ਹੈ ਜੋ ਕਿ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਲੋਂ ਜੋ ਵੀ ਕਮੇਟੀਆਂ ਬਣਾਈਆਂ ਗਈ ਨਾ ਉਨ੍ਹਾਂ ਦੀ ਕੋਈ ਮੀਟਿੰਗ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਦੀ ਕੋਈ ਰਿਪੋਰਟ ਸਾਹਮਣੇ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਨੇ ਆਪਣੇ ਲਈ ਵਰਤਿਆ ਹੈ ਤੇ ਸਿਰਫ਼ ਆਪਣੇ ਹੀ ਖ਼ਜ਼ਾਨੇ ਭਰੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਿੱਖ ਕੌਮ ਨੂੰ ਕਹਿੰਦੇ ਹਨ ਕਿ ਅਕਾਲ ਤਖ਼ਤ ਸਾਹਿਬ ਦੇ ਸਾਰੇ ਹੁਕਮ ਮੰਨੋ ਪਰ ਹੁਣ ਅਕਾਲ ਤਖ਼ਤ ਸਾਹਿਬ ਨੇ ਜੋ ਇਨ੍ਹਾਂ ਨੂੰ ਹੁਕਮ ਦਿਤੇ ਹਨ ਉਹ ਇਹ ਕਿਉਂ ਨਹੀਂ ਮੰਨ ਰਹੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਕਿਸੇ ਜੱਥੇਦਾਰ ਨੂੰ ਹਟਾਇਆ ਗਿਆ ਹੋਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਜਦੋਂ ਕੋਈ ਵੱਡਾ ਫ਼ੈਸਲਾ ਲੈਂਦੀ ਸੀ ਤਾਂ ਸਾਰੇ ਜੱਥੇਦਾਰਾਂ ਤੇ ਸਾਰੇ ਕਮੇਟੀ ਮੈਂਬਰਾਂ ਦੀ ਮੀਟਿੰਗ ਕਰ ਕੇ ਸਾਰਿਆਂ ਨਾਲ ਵਿਚਾਰ ਸਾਂਝੇ ਕਰ ਕੇ ਫ਼ੈਸਲਾ ਲੈਂਦੀ ਸੀ ਪਰ ਹੁਣ ਤਾਂ ਇਕ ਪਰਿਵਾਰ ਹੀ ਸ਼੍ਰੋਮਣੀ ਕਮੇਟੀ ਦੇ ਸਾਰੇ ਫ਼ੈਸਲੇ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਇਨ੍ਹਾਂ ਦੀ ਬੋਲੀ ਬੋਲ ਦਿਤੀ ਉਹ ਇਨ੍ਹਾਂ ਦਾ ਤੇ ਜਿਸ ਨੇ ਇਨ੍ਹਾਂ ਦੀ ਬੋਲੀ ਨਾ ਬੋਲੀ ਉਹ ਨੂੰ ਪਾਸੇ ਕਰ ਦਿਤਾ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਇਨ੍ਹਾਂ ਵਿਰੁਧ ਫ਼ੈਸਲਾ ਸੁਣਾਇਆ ਤਾਂ ਬਾਦਲਾਂ ਨੇ ਉਸ ਨੂੰ ਵੀ ਰਸਤੇ ਤੋਂ ਹਟਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਸ਼ੁਰੂ ਕਰ ਦਿਤੀਆਂ।