
ਹੁਣ ਬਹਾਨਾ ਲਾ ਚੋਣ ਡਿਊਟੀ ਤੋਂ ਨਹੀਂ ਭੱਜ ਸਕਣਗੇ ਮੁਲਾਜ਼ਮ
ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਉਮੀਦਵਾਰਾਂ ਦੇ ਨਾਲ-ਨਾਲ ਡਿਊਟੀ ਦੇਣ ਵਾਲੇ ਮੁਲਾਜ਼ਮਾਂ 'ਤੇ ਸਖ਼ਤੀ ਹੋਵੇਗੀ। ਹੁਣ ਬਹਾਨਾ ਬਣਾ ਕੇ ਡਿਊਟੀ ਤੋਂ ਭੱਜਣ ਵਾਲੇ ਮੁਲਾਜ਼ਮਾਂ ਦੀ ਖੈਰ ਨਹੀਂ। ਚੋਣ ਕਮਿਸ਼ਨ ਨੇ ਅਜਿਹੇ ਮੁਲਾਜ਼ਮਾਂ ਪ੍ਰਤੀ ਸਖ਼ਤ ਰੁਖ ਅਖਤਿਆਰ ਕੀਤਾ ਹੈ। ਜਾਣਕਾਰੀ ਮੁਤਾਬਕ ਚੋਣਾਂ ਦੌਰਾਨ ਖਰਾਬ ਸਿਹਤ ਦਾ ਹਵਾਲਾ ਦੇ ਕੇ ਚੋਣ ਡਿਊਟੀ ਹਟਾਉਣ ਲਈ ਬਿਨੈ ਪੱਤਰ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬੇਨਤੀਆਂ ਦੇ ਨਿਬੇੜੇ ਲਈ ਸਿਹਤ ਵਿਭਾਗ ਨੂੰ ਮੈਡੀਕਲ ਬੋਰਡ ਬਣਾਉਣ ਦੇ ਹੁਕਮ ਦਿੱਤੇ ਗਏ ਹਨ।
ਹੁਣ ਛੁੱਟੀ ਲਈ ਇਸ ਬੋਰਡ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ। ਸੂਤਰਾਂ ਮੁਤਾਬਕ ਜੇਕਰ ਕੋਈ ਮੁਲਾਜ਼ਮ ਸਿਰਫ਼ ਡਿਊਟੀ ਤੋਂ ਛੁਟਕਾਰੇ ਲਈ ਬਿਮਾਰੀ ਦਾ ਬਹਾਨਾ ਲਾ ਰਿਹਾ ਹੈ ਤਾਂ ਉਸ ਵਿਰੁੱਧ ‘ਲੋਕ ਪ੍ਰਤੀਨਿਧਤਾ ਐਕਟ’ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਬੋਰਡ ਬਣਾਉਣ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਜਿੱਥੇ ਅਸਲ ਵਿਚ ਖਰਾਬ ਸਿਹਤ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਉੱਥੇ ਹੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਚੋਣ ਡਿਊਟੀ ਤੋਂ ਭੱਜਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।