
ਅਮਰੀਕਾ ਵਿਚ ਹਾਲ ਦੀ ਘੜੀ ਸਰਕਾਰੀ ਮੁਲਾਜ਼ਮ ਸ਼ਟਡਾਊਨ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਕਾਰਨ ਸ਼ਟਡਾਊਨ ਦਾ...
ਵਾਸ਼ਿੰਗਟਨ : ਅਮਰੀਕਾ ਵਿਚ ਹਾਲ ਦੀ ਘੜੀ ਸਰਕਾਰੀ ਮੁਲਾਜ਼ਮ ਸ਼ਟਡਾਊਨ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਕਾਰਨ ਸ਼ਟਡਾਊਨ ਦਾ ਇਹ ਚੌਥਾ ਹਫ਼ਤਾ ਚਲ ਰਿਹਾ ਹੈ ਅਤੇ ਪਿਛਲੇ ਕਰੀਬ ਇਕ ਮਹੀਨੇ ਤੋਂ ਸਰਕਾਰੀ ਮੁਲਾਜ਼ਮ ਅਤੇ ਉਹਨਾਂ ਦੇ ਪਰਵਾਰ ਬਿਨਾਂ ਤਨਖ਼ਾਹਾਂ ਤੋਂ ਗੁਜ਼ਰ-ਬਸਰ ਕਰਨ ਲਈ ਮਜਬੂਰ ਹਨ। ਅਜਿਹੇ ਵਿਚ ਅਮਰੀਕੀ ਮੁਲਾਜ਼ਮਾਂ ਲਈ ਉਥੋਂ ਦੇ ਗੁਰਦਵਾਰਾ ਘਰ ਆਸਰਾ ਬਣ ਕੇ ਸਾਹਮਣੇ ਆਏ ਹਨ।
ਸੈਨ ਐਨਟੋਨੀਓ ਦਾ ਸਿੱਖ ਸੈਂਟਰ ਗੁਰਦਵਾਰਾ ਹਾਲ ਦੀ ਘੜੀ ਬਿਨਾਂ ਤਨਖਾਹਾਂ ਤੋਂ ਜ਼ਿੰਦਗੀ ਕੱਟ ਰਹੇ ਅਮਰੀਕੀ ਸਰਕਾਰੀ ਮੁਲਾਜ਼ਮਾਂ ਨੂੰ ਨਾ ਸਿਰਫ਼ ਵਿਚ ਲੰਗਰ ਛਕਾ ਰਹੇ ਹਨ। ਬਕਾਇਦਾ ਮੁਫ਼ਤ ਦੇ ਲੰਗਰ ਵਾਸਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋਂ ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਵੈਬਸਾਈਟਾਂ ਉਤੇ ਇਸ ਦੀ ਜਾਣਕਾਰੀ ਦਿਤੀ ਜਾ ਰਹੀ ਹੈ। ਹਲਾਂਕਿ ਇਹਨਾਂ ਬਗ਼ੈਰ ਤਨਖਾਹਾਂ ਵਾਲੇ ਸਰਕਾਰੀ ਮੁਲਾਜ਼ਮਾਂ ਵਾਸਤੇ ਕੈਨੇਡਾ ਤੋਂ ਵੀ ਪੀਜ਼ਾ ਡਿਲੀਵਰੀ ਹੋ ਰਹੀ ਹੈ
ਪਰ ਸ਼ਟਡਾਊਨ ਦੇ ਇਸ ਮੰਦਹਾਲੇ ਦੌਰ ਵਿਚ ਅਮਰੀਕਾ ਦੇ ਸਿੱਖ ਅਮਰੀਕਾ ਵਾਸੀਆਂ ਨੂੰ ਅਪਣੀ ਖੁਲ੍ਹਦਿਲੀ ਦਿਖਾ ਰਹੇ ਹਨ। ਸੈਨ ਐਨਟੋਨੀਓ ਦੇ ਗੁਰੂ ਘਰ ਪ੍ਰਬੰਧਕਾਂ ਨੇ ਸਰਕਾਰੀ ਮੁਲਾਜ਼ਮਾਂ ਲਈ ਗੁਰਦਵਾਰੇ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ ਤਾਂ ਜੋ ਉਹ ਜਦੋਂ ਚਾਹੁਣ ਲੰਗਰ ਛਕ ਸਕਣ। ਵੀਕਐਂਡ ਉਤੇ ਤਾਂ ਗੁਰਦਵਾਰਾ ਘਰਾਂ ਵਿਚ ਖਾਸ ਤੌਰ ਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਜਿਸ ਵਿਚ ਦਾਲ, ਸ਼ਬਜ਼ੀ, ਪ੍ਰਸ਼ਾਦਿਆਂ ਤੋਂ ਇਲਾਵਾ ਚੌਲ ਅਤੇ ਸਲਾਦ ਵੀ ਹੁੰਦਾ ਹੈ।
ਸ਼ਟਡਾਉਨ ਕਾਰਨ ਜਿਹੜੇ ਇਲਾਕੇ ਸੱਭ ਤੋਂ ਵੱਧ ਪ੍ਰਭਾਵਿਤ ਹਨ ਉਹਨਾਂ ਥਾਵਾਂ ਉਤੇ ਸਿੱਖਾਂ ਵਲੋਂ ਨਾ ਵਿਸ਼ੇਸ਼ ਤਵੱਜੋ ਦਿਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਮਰੀਕੀ ਭੁੱਖਾ ਨਾ ਰਹਿ ਸਕੇ। ਅਮਰੀਕੀ ਸਿੱਖਾਂ ਦਾ ਕਹਿਣਾ ਹੈ ਕਿ ਉਹ ਇਸ ਔਖੀ ਘੜੀ ਵਿਚ ਅਪਣੇ ਅਮਰੀਕੀ ਭੈਣ-ਭਰਾਵਾਂ ਦੇ ਨਾਲ ਖੜੇ ਹਨ ਅਤੇ ਉਹਨਾਂ ਦੀ ਹਰ ਇਕ ਤਰੀਕੇ ਨਾਲ ਮਦਦ ਕਰਨ ਲਈ ਵਚਨਬੱਧ ਹਨ।
ਸੈਨ ਐਨਟੋਨੀਓ ਦਾ ਗੁਰੂ ਘਰ ਕਰੀਬ 2001 ਵਿਚ ਹੋਂਦ ਵਿਚ ਆਇਆ ਸੀ ਤੇ ਉਦੋਂ ਤੋਂ ਹੀ ਇਹ ਨਾ ਸਿਰਫ਼ ਮੁਫ਼ਤ ਦੇ ਲੰਗਰ ਲਈ ਮਕਬੂਲ ਹੈ ਬਲਕਿ ਅਮਰੀਕਾ ਪਹੁੰਚਦੇ ਹਰ ਧਰਮ ਤੇ ਫਿਰਕੇ ਦੇ ਲੋਕਾਂ ਲਈ ਛੱਤ ਅਤੇ ਮੁਫ਼ਤ ਵਿਚ ਕੱਪੜੇ ਵੀ ਦੇਣ ਵਜੋਂ ਜਾਣਿਆ ਜਾਂਦਾ ਹੈ।