
ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ; ਬਾਦਲ ਪਰਵਾਰ ਵਿਚੋਂ ਇਕ ਹੋਰ ਹੋਇਆ ਵੱਖ...
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਮੁਸ਼ਕਿਲਾਂ ਦਿਨ-ਬ-ਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ। ਬਾਦਲ ਪਰਵਾਰ ਦਾ ਮੈਂਬਰ ਬੱਬੀ ਬਾਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਕੀਤੀ ਗਈ ਪ੍ਰੈਸ ਕਾਂਨਫਰੰਸ ਵਿਚ ਬੱਬੀ ਬਾਦਲ ਨੇ ਇਸ ਗੱਲ ਦਾ ਅਫ਼ਸੋਸ ਜਤਾਇਆ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅਪਣੀ ਜ਼ਿੰਦਗੀ ਦੇ 25 ਸਾਲ ਸਮਰਪਿਤ ਕੀਤੇ ਪਰ ਨਿਘਰਦੇ ਹਾਲਾਤਾਂ ਦੇ ਚਲਦੇ ਉਨ੍ਹਾਂ ਨੂੰ ਪਾਰਟੀ ਛੱਡਣ ਦਾ ਫ਼ੈਸਲਾ ਕਰਨਾ ਪਿਆ।
Akali Dal Taksali
ਉਨ੍ਹਾਂ ਮੁਤਾਬਿਕ ਨਿਘਾਰ ਦਾ ਸਿਲਸਿਲਾ 2015 ਤੋਂ ਸ਼ੁਰੂ ਹੋਇਆ। ਬੱਬੀ ਬਾਦਲ ਨੇ ਕਿਹਾ, “ਬਿਕਰਮ ਮਜੀਠੀਆ ਦੇ ਵਧਦੇ ਪ੍ਰਭਾਵ ਹੇਠ ਰਿਵਾਇਤੀ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਡਿੱਗੀਆਂ ਹਨ”। ਉਨ੍ਹਾਂ ਅੰਗਰੇਜ਼ੀ ਦਾ ਇਕ ਮੁਹਾਵਰਾ ਵਰਤਿਆ, ‘The straw that broke the camel’s back.’ ਯਾਨੀ ਕਿ ਉਹ ਕਾਰਨ ਜਿਸ ਕਰਕੇ ਉਨ੍ਹਾਂ ਇਹ ਫ਼ੈਸਲਾ ਲਿਆ ਉਹ ਸੀ ਅਕਾਲੀ ਦਲ ਬਾਦਲ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸਤੋਂ ਬਾਅਦ ਹੋਏ ਗੋਲੀ ਕਾਂਡਾਂ ਦੀ ਹੋ ਰਹੀ ਜਾਂਚ ਦਾ ਬਹਿਸ਼ਕਾਰ ਕਰਨਾ ਹੈ।
Taksali
ਉਨ੍ਹਾਂ ਕਿਹਾ ਕਿ ਐਸਆਈਟੀ ਦੀ ਘੋਖ ਵਿਚੋਂ ਨਿਕਲੇ ਤੱਥ ਦੁਖਦਾਈ ਹਨ। ਪੁਲਿਸ ਨੇ ਆਪ ਐਸਐਸਪੀ ਦੀ ਗੱਡੀ ਉੱਤੇ ਗੋਲੀਆਂ ਚਲਵਾਈਆਂ। ਵਾਹਿਗੁਰੂ ਜਾਪ ਕਰਦੀ ਸ਼ਾਤਮਈ ਸੰਗਤ ‘ਤੇ ਫਾਇਰਿੰਗ ਕੀਤੀ ਗਈ ਤੇ ਜ਼ਖ਼ਮੀਆਂ ਦਾ ਹਸਪਤਾਲ ਵਿਚ ਠੀਕ ਤਰ੍ਹਾਂ ਇਲਾਜ ਵੀ ਨਹੀਂ ਕੀਤਾ ਗਿਆ। ਕੁੰਵਰ ਵਿਜੈ ਪ੍ਰਤਾਪ ਸਿੰਘ ਇਕ ਇਮਾਨਦਾਰ ਅਫ਼ਸਰ ਹਨ ਤੇ ਉਨ੍ਹਾਂ ਉੱਤੇ ਵੀ ਬੇਲੋੜਾ ਦਬਾਅ ਪਾਇਆ ਗਿਆ। ਅਕਾਲੀ ਦਲ ਬਾਦਲ ਵਾਸਤੇ ਮਨਤਾਰ ਬਰਾੜ ਨੂੰ ਬਚਾਉਣਾ ਹੀ ਪਹਿਲ ਹੈ। ਬੱਬੀ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਕੌਮ ਦੀ ਸੇਵਾ ਕਰਨ ਦੇ ਮੰਤਵ ਨਾਲ ਆਏ ਸਨ।
Taksali Leaders
ਅੱਜ ਕੌਮ ਦੀ ਰੂਹ ਅਕਾਲੀ ਦਲ ਬਾਦਲ ਵਿਚ ਨਹੀਂ ਵਸਦੀ। ਇਸ ਲਈ ਉਨ੍ਹਾਂ ਪਾਰਟੀ ਛੱਡ ਦਿੱਤੀ ਹੈ। ਬੱਬੀ ਬਾਦਲ ਨੇ ਕਾਂਗਰਸ ਨੂੰ ਵੀ ਗੁਹਾਰ ਲਗਾਈ ਕਿ ਐਸਆਈਟੀ ਨੂੰ ਉਸ ਦਾ ਕੰਮ ਕਰਨ ਦਿੱਤਾ ਜਾਵੇ ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਾਇਆ ਜਾਵੇ। ਅੰਤ ਵਿਚ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੀ ਸਭ ਤੋਂ ਜ਼ਰੂਰੀ ਹੈ। ਬੱਬੀ ਬਾਦਲ ਨੇ ਕਿਹਾ ਕਿ ਉਹ ਟਕਸਾਲੀ ਪਾਰਟੀ ਨੂੰ ਹੋਰ ਤਾਕਤਵਰ ਬਣਾਉਣ ਲਈ ਇਸ ਵਿਚ ਸ਼ਾਮਲ ਹੋਏ ਹਨ।
Taksali Akali Dal
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ ਤੇ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਉਨ੍ਹਾਂ ਨੂੰ ਜੋ ਵੀ ਜ਼ਿੰਮੇਦਾਰੀ ਦਵੇਗੀ ਉਹ ਨਿਭਾਉਣਗੇ। ਉਨ੍ਹਾਂ ਯੂਥ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਹਰ ਨੌਜਵਾਨ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਬੀਰ ਦਵਿੰਦਰ ਸਿੰਘ, ਸੇਵਾ ਸਿੰਘ ਸੇਖਵਾਂ ਵੀ ਹਾਜ਼ਰ ਰਹੇ।