
ਕੇਂਦਰ ਵਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨ ਹਰ ਵਰਗ ਲਈ ਨੁਕਸਾਨਦਾਇਕ : ਭਗਵੰਤ ਮਾਨ
ਬਾਘਾਪੁਰਾਣਾ ਦੇ ਕਿਸਾਨ ਮਹਾਂ ਅੰਦੋਲਨ ਵਿਚ ਪਹੁੰਚਣ ਦਾ ਦਿਤਾ ਖੁਲ੍ਹਾ ਸੱਦਾ
ਝੁਨੀਰ, 13 ਮਾਰਚ (ਲਛਮਣ ਸਿੱਧੂ): ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕੀਤੇ ਜਾ ਰਹੇ ਕਿਸਾਨ ਸੰਮੇਲਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਅੱਜ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਵਿਚ ਆ ਕੇ ਜਨ ਸਭਾ ਨੂੰ ਸੰਬੋਧਨ ਕੀਤਾ | ਭਗਵੰਤ ਮਾਨ ਨੇ ਹਲਕੇ ਦੇ ਪਿੰਡ ਉੱਲਕ ਅਤੇ ਮਾਖਾ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਤਿੰਨ ਖੇਤੀ ਕਾਲੇ ਕਾਨੂੰਨ ਹਰ ਵਰਗ ਲਈ ਨੁਕਸਾਨਦਾਇਕ ਹਨ, ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਹੱਦ ਤਕ ਲਾਗੂ ਨਹੀਂ ਹੋਣ ਦਿਤੇ ਜਾਣਗ |
ਕਿਸਾਨ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨ ਉਤੇ ਜੂੰ ਨਹੀਂ ਸਰਕ ਰਹੀ | ਉਨ੍ਹਾਂ ਕਿਹਾ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਨੂੰ ਸਮੂਹਿਕ ਤੌਰ ਉਤੇ ਹਰ ਵਰਗ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਲੋਂ 21 ਮਾਰਚ ਨੂੰ ਬਾਘਾ ਪੁਰਾਣਾ ਵਿਚ ਕੀਤੇ ਜਾ ਰਹੇ ਕਿਸਾਨ ਸੰਮੇਲਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਉਤੇ ਵਰ੍ਹਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਭਾਜਪਾ ਨਾਲ ਮਿਲ ਚੁੱਕੀਆਂ ਹਨ | ਪਹਿਲਾਂ ਇਨ੍ਹਾਂ ਦੋਵਾਂ ਪਾਰਟੀਆਂ ਨੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਸਹਿਮਤੀ ਪ੍ਰਗਟਾਈ ਪਰ ਕਿਸਾਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਇਹ ਇਨ੍ਹਾਂ ਕਾਨੂੰਨਾਂ ਨੂੰ ਗ਼ਲਤ ਕਰਾਰ ਦੇਣ ਲੱਗੇ ਜਦੋਂ ਕਿ ਇਹ ਸੱਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ | ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿਚ ਸਿਹਤ ਸਹੂਲਤਾਂ, ਸਿਖਿਆ ਸਹੂਲਤਾਂ ਅਤੇ ਬਿਜਲੀ-ਪਾਣੀ ਮੁਫ਼ਤ ਦਿਤਾ ਜਾ ਸਕਦਾ ਹੈ ਤਾਂ ਫਿਰ ਪੰਜਾਬ ਵਿਚ ਇਹ ਇੰਨਾ ਮਹਿੰਗਾ ਕਿਉਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤਕ ਰਾਜ ਕਰ ਚੁੱਕੀਆਂ ਪਾਰਟੀਆਂ ਅਤੇ ਰਾਜ ਕਰ ਰਹੀ ਪਾਰਟੀ ਦੋਵੇਂ ਸਾਰੀਆਂ ਹੀ ਪੰਜਾਬ ਵਿਰੋਧੀ ਹਨ ਇਨ੍ਹਾਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚਿਆ | ਭਾਰਤ ਦਾ ਪਹਿਲੇ ਨੰਬਰ ਦਾ ਸੂਬਾ ਪੰਜਾਬ ਅੱਜ ਪਿਛਲੀਆਂ ਕਤਾਰਾਂ ਵਿਚ ਖੜ੍ਹਾ ਹੈ ਜੋ ਸੱਭ ਸੂਬੇ ਦੀਆਂ ਰਾਜਨੀਤਕ ਪਾਰਟੀਆਂ ਦੀ ਦੇਣ ਹੈ |
ਉਨ੍ਹਾਂ ਹਾਜ਼ਰ ਲੋਕਾਂ ਨੂੰ 21 ਮਾਰਚ ਦੇ ਕਿਸਾਨ ਸੰਮੇਲਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਸੀਨੀਅਰ ਆਗੂ ਨੇਮ ਚੰਦ ਚੌਧਰੀ, ਜ਼ਿਲ੍ਹਾ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲੀ, ਸੁਖਵਿੰਦਰ ਸਿੰਘ ਭੋਲਾ ਮਾਨ, ਹਰਦੇਵ ਸਿੰਘ ਉੱਲਕ, ਸਰਬਜੀਤ ਸਿੰਘ ਜਵਾਹਰਕੇ, ਗੁਰਪ੍ਰੀਤ ਸਿੰਘ ਭੁੱਚਰ, ਸ਼ਿੰਗਾਰਾ ਸਿੰਘ ਜਵਾਹਰਕੇ, ਸੁਖਵਿੰਦਰ ਸਿੰਘ ਖੋਖਰ ਹਰਦੇਵ ਸਿੰਘ ਕੋਰਵਾਲਾ, ਗੁਰਦੀਪ ਸਿੰਘ ਭਲਾਈਕੇ, ਦੀਦਾਰ ਸਿੰਘ ਦਸੋਧੀਆ ਆਦਿ ਹਾimageਜ਼ਰ ਸਨ |
ਫੋਟੋ ਨੰ.15
ਫੋਟੋ ਕੈਪਸ਼ਨ: ਭਗਵੰਤ ਮਾਨ ਨੇ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਵਿਚ ਜਨ ਸਭਾ ਨੂੰ ਕੀਤਾ ਸੰਬੋਧਨ ਕਰਦੇ ਹੋਏ |