
ਪੱਟੀ ਸ਼ਹਿਰ ’ਚ ਚੱਲੀ ਗੋਲੀ, ਇਕ ਵਿਅਕਤੀ ਗੰਭੀਰ ਜ਼ਖ਼ਮੀ
ਪੱਟੀ, 14 ਮਾਰਚ (ਅਜੀਤ ਸਿੰਘ ਘਰਿਆਲਾ/ਪਰਦੀਪ) : ਪੱਟੀ ਸ਼ਹਿਰ ਦੀ ਵਾਰਡ ਨੰਬਰ 15 ਵਿਚ ਬੁਆਣਾ ਮੰਦਰ, ਗੁਰੂ ਨਾਨਕ ਕਾਲੋਨੀ ਲਾਗੇ ਦੋ ਮੋਟਰਸਾਈਕਲ ਸਵਾਰਾਂ ਵਲੋਂ ਇਕ ਆਦਮੀ ਦੇ ਗੋਲੀ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਹਮਲਾਵਰ ਫਰਾਰ ਹੋ ਗਏ। ਪ੍ਰਾਪਤ ਸੂਚਨਾ ਅਨੁਸਾਰ ਅੱਜ ਦੁਪਹਿਰ 3:30 ਵਜੇ ਦੇ ਕਰੀਬ ਗੁਰਮੇਜ ਸਿੰਘ ਚੱਠੂ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ ਨੰਬਰ 14 ਪੱਟੀ ਦੇ ਕੱੁਝ ਲੋਕਾਂ ਵਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਉਕਤ ਵਿਅਕਤੀ ਨੂੰ ਤੁਰਤ ਨਜ਼ਦੀਕੀ ਸੰਧੂ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾ ਦਿਤਾ ਗਿਆ ਹੈ ਜਿਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਖ਼ਮੀ ਗੁਰਮੇਜ ਸਿੰਘ ਚੱਠੂ ਨੇ ਦਸਿਆ ਕਿ ਉਸ ਨੂੰ ਉਕਤ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕਿਹਾ ਕਿ ਬੈਂਕ ਆਫ਼ ਬੜੌਦਾ ਤੋਂ ਆਏ ਹਨ ਤੇ ਤੁਹਾਨੂੰ ਕੋਈ ਸਾਮਾਨ ਦੇਣਾ ਹੈ ਇਸ ਲਈ ਬੁਆਣਾ ਮੰਦਰ ਨਜ਼ਦੀਕ ਆ ਜਾਉ, ਉਥੇ ਪਹੁੰਚ ਕੇ ਉਕਤ ਵਿਅਕਤੀਆਂ ਵਿਚੋਂ ਇਕ ਨੇ ਪਿਸਤੌਲ ਕੱਢ ਕੇ ਮੇਰੇ ਤੇ ਗੋਲੀ ਚਲਾ ਦਿਤੀ, ਦੋਵਾਂ ਵਲੋਂ ਅਪਣੇ ਮੂੰਹ ਢਕੇ ਹੋਏ ਸਨ ਜਿਸ ਕਾਰਨ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ।
ਜਦੋਂ ਇਸ ਸਬੰਧੀ ਐਸ.ਐਚ.ਓ ਥਾਣਾ ਸਿਟੀ ਪੱਟੀ ਬਲਜਿੰਦਰ ਸਿੰਘ ਔਲਖ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਜ਼ਖ਼ਮੀ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਬੁਆਣਾ ਮੰਦਰ ਨਜ਼ਦੀਕ ਸੀ.ਸੀ.ਟੀ.ਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਇਕ ਕੈਮਰੇ ਵਿਚ ਦੋ ਮੋਟਰਸਾਈਕਲ ਸਵਾਰ ਜਾਂਦੇ ਵਿਖਾਈ ਦੇ ਰਹੇ ਹਨ। ਪੁਲਿਸ ਵਲੋਂ ਜਲਦ ਹੀ ਉਕਤ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਕੈਪਸ਼ਨ:14-01--- ਜਾਣਕਾਰੀ ਦਿੰਦਾ ਹੈ ਜਖਮੀ ਗੁਰਮੇਜ ਸਿੰਘ ਚੱਠੂ ਤੇ ਹਮਲੇ ਵਾਲੀ ਜਗ੍ਹਾ ਤੇ ਡੁਲ੍ਹਿਆ ਖੂਨ