
ਯੂਕਰੇਨ ਦੇ ਫ਼ੌਜੀ ਅੱਡੇ ’ਤੇ ਰੂਸ ਨੇ ਕੀਤਾ ਹਵਾਈ ਹਮਲਾ, 35 ਮੌਤਾਂ ਤੇ 134 ਜ਼ਖ਼ਮੀ
ਲਵੀਵ, 13 ਮਾਰਚ : ਰੂਸੀ ਮਿਜ਼ਾਈਲਾਂ ਨੇ ਐਤਵਾਰ ਨੂੰ ਨਾਟੋ ਮੈਂਬਰ ਪੋਲੈਂਡ ਨਾਲ ਲਗਦੀ ਯੂਕਰੇਨ ਦੀ ਪਛਮੀ ਸਰਹੱਦ ਦੇ ਨੇੜੇ ਇਕ ਫ਼ੌਜ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ 35 ਲੋਕਾਂ ਦੇ ਮਾਰੇ ਜਾਣ, ਜਦਕਿ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ, ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਮਾਸਕੋ ਨੇ ਰੂਸੀ ਹਮਲੇ ਨਾਲ ਨਜਿੱਠਣ ਵਿਚ ਯੂਕਰੇਨ ਦੀ ਮਦਦ ਲਈ ਉਥੇ ਭੇਜੇ ਜਾਣ ਵਾਲੇ ਵਿਦੇਸ਼ੀ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿਤੀ ਸੀ।
ਲਵੀਵ ਸੂਬੇ ਦੇ ਗਵਰਨਰ ਮਕਸਿਮ ਕੋਜਿਤਸਕਾਈ ਨੇ ਕਿਹਾ ਕਿ ਰੂਸੀ ਬਲਾਂ ਨੇ ਲਵੀਵ ਸ਼ਹਿਰ ਦੇ ਉਤਰ ਪਛਮ ਵਿਚ 30 ਕਿਲੋਮੀਟਰ ਦੂਰ ਸਥਿਤ ਯਾਵੋਰਿਵ ਫ਼ੌਜੀ ਸਿਖਲਾਈ ਕੈਂਪ ’ਤੇ ਘੱਟੋ ਘੱਟ 30 ਕਰੂਜ਼ ਮਿਜ਼ਾਈਲਾਂ ਦਾਗ਼ੀਆਂ। ਇਹ ਫ਼ੌਜੀ ਅੱਡਾ ਪੋਲੈਂਡ ਸਰਹੱਦ ਤੋਂ 35 ਕਿਲੋਮੀਟਰ ਦੂਰ ਯੂਕਰੇਨੀ ਖੇਤਰ ਵਿਚ ਸਥਿਤ ਹੈ। ਯੂਕਰੇਨ ਤੋਂ ਫ਼ੌਜੀ ਮਦਦ ਪਹੁੰਚਾਉਣ ਲਈ ਪੋਲੈਂਡ ਪਛਮੀ ਦੇਸ਼ਾਂ ਲਈ ਇਕ ਮੁੱਖ ਮਾਰਗ ਹੈ। ਯਾਵੋਰਿਵ ਵਿਚ ਸਿਖਲਾਈ ਕੈਂਪ ’ਤੇ ਹੋਏ ਹਮਲੇ ਨੂੰ 18 ਦਿਨਾਂ ਤੋਂ ਜਾਰੀ ਫ਼ੌਜੀ ਮੁਹਿੰਮ ਦੌਰਾਨ ਪਛਮੀ ਇਲਾਕੇ ਵਿਚ ਕੀਤੇ ਗਏ ਸੱਭ ਤੋਂ ਪ੍ਰਮੁੱਖ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।
ਅਧਿਕਾਰੀਆਂ ਮੁਤਾਬਕ, ਹਮਲੇ ਦੇ ਸ਼ਿਕਾਰ ਸਿਖਲਾਈ ਕੇਂਦਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਰਖਿਆ ਅਤੇ ਸੁਰੱਖਿਆ ਕੇਂਦਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਅਤੇ ਇਸ ਦਾ ਇਸਤੇਮਾਲ ਕਾਫੀ ਸਮੇਂ ਤੋਂ ਯੂਕਰੇਨੀ ਫ਼ੌਜਾਂ ਨੂੰ ਸਿਲਖਾਈ ਦੇਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਅਮਰੀਕਾ ਅਤੇ ਨਾਟੋ ਦੇਸ਼ਾਂ ਦੇ ਫ਼ੌਜੀ ਅਧਿਕਾਰੀ ਕਈ ਵਾਰ ਇਸ ਕੇਂਦਰ ’ਤੇ ਯੂਕਰੇਨ ਜਵਾਨਾ ਨੂੰ ਟ੍ਰੇਨਿੰਗ ਦੇਣ ਆਉਂਦੇ ਹਨ।
ਲਵੀਵ ਦੇ ਗਵਰਨਰ ਨੇ ਦਸਿਆ ਕਿ ਹਵਾਈ ਰਖਿਆ ਪ੍ਰਣਾਲੀ ਦੇ ਸਰਗਰਮ ਹੋਣ ਕਾਰਨ ਐਤਾਵਰ ਨੂੰ ਦਾਗ਼ੀਆਂ ਗਈਆਂ ਜ਼ਿਆਦਾਤਰ ਮਿਜ਼ਾਈਲਾਂ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਨੇ ਰੂਸੀ ਮਿਜ਼ਾਈਲਾਂ ਦੀ ਚਪੇਟ ਵਿਚ ਆਉਣ ਨਾਲ ਘੱਟੋ ਘੱਟ 134 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਫ਼ੌਜਾਂ ਨੇ ਪਛਮੀ ਯੂਕਰੇਨੀ ਸ਼ਹਿਰ ਇਵਾਨੋ-ਫ੍ਰੇਂਕਵਿਸਕ ਸਥਿਤ ਹਵਾਈ ਅੱਡੇ ’ਤੇ ਵੀ ਗੋਲੀਬਾਰੀ ਕੀਤੀ ਹੈ। ਮੇਅਰ ਰੁਸਲਾਨ ਮਾਰਟਸਿਂਕਿਵ ਨੇ ਕਿਹਾ ਕਿ ਅਜਿਹੇ ਹਮਲੇ ਕਰ ਕੇ ਰੂਸ ਡਰ ਅਤੇ ਅਰਾਜਕਤਾ ਪੈਦਾ ਕਰਨਾ ਚਾਹੁੰਦਾ ਹੈ। (ਏਜੰਸੀ)