
ਸਰਕਾਰੀ ਵਕੀਲ ਨੇ ਤਿੰਨ ਸਾਲ ਦੀ ਸਜ਼ਾ ਨੂੰ ਜਾਇਜ਼ ਕਿਹਾ
ਤਿੰਨ ਦਹਾਕੇ ਪਹਿਲਾਂ ਪਟਿਆਲਾ ਵਿਚ ਸਤੰਬਰ 1988 ਵਿਚ ਹੋਏ ਝਗੜੇ 'ਚ ਨਵਜੋਤ ਸਿੱਧੂ ਵਲੋਂ 65 ਸਾਲਾ ਗੁਰਨਾਮ ਸਿੰਘ ਨੂੰ ਘਸੁੰਨ ਮਾਰਨ 'ਤੇ ਹੋਈ ਮੌਤ ਦੇ ਕੇਸ ਵਿਚ ਹਾਈ ਕੋਰਟ ਵਲੋਂ ਦਿਤੀ ਤਿੰਨ ਸਾਲ ਦੀ ਸਜ਼ਾ ਦੀ ਹੁਣ ਸੁਪਰੀਮ ਵਿਚ ਹੋ ਰਹੀ ਸੁਣਵਾਈ ਨੇ ਵਿਰੋਧੀ ਧਿਰ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਵਿਚ ਉਥਲ ਪੁਥਲ ਮਚਾਈ ਹੋਈ ਹੈ।ਸੁਪਰੀਮ ਕੋਰਟ ਵਿਚ ਕਲ ਪੰਜਾਬ ਸਰਕਾਰ ਦੇ ਵਕੀਲ ਨੇ ਸਜ਼ਾ ਬਰਕਰਾਰ ਰੱਖਣ ਦੀ ਜਿਰਹਾ ਕੀਤੀ ਜਦਕਿ ਅਦਾਲਤ ਤੋਂ ਬਾਹਰ ਸਿੱਧੂ ਨੇ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਮੇਰੀ ਪਿੱਠ ਵਿਚ ਛੁਰਾ ਮਾਰਿਆ ਹੈ। ਇਸ ਸਾਰੀ ਘਟਨਾ ਅਤੇ ਮੁੱਦੇ ਨੂੰ ਤੂਲ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ, ਸਾਬਕਾ ਮੰਤਰੀ ਡਾ. ਦਲਜੀਤ ਚੀਮਾ, ਬਿਕਰਮ ਮਜੀਠੀਆ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਨੈਤਿਕਤਾ, ਮਰਿਆਦਾ ਤੇ ਪਾਰਟੀ ਸਿਧਾਂਤਾਂ ਦਾ ਪਾਠ ਪੜ੍ਹਾਉਣ ਦੀ ਹਮੇਸ਼ਾ ਗੱਲ ਕਰਦੇ ਹਨ ਜਾਂ ਮੰਤਰੀ ਮੰਡਲ ਦੀ ਇਕੱਠੀ ਜ਼ਿੰਮੇਵਾਰੀ ਦੀ ਚਰਚਾ ਕਰਦੇ ਰਹਿੰਦੇ ਹਨ, ਨੂੰ ਹੁਣ ਤੁਰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਇਨ੍ਹਾਂ ਅਕਾਲੀ ਲੀਡਰਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਤੋਂ ਜਵਾਬ ਮੰਗਦੇ ਹਨ ਕਿ ਦੋਸ਼ੀ ਤੇ ਕਾਤਲ ਸਿੱਧੂ ਨੂੰ ਮੰਤਰੀ ਮੰਡਲ ਵਿਚ ਰਖਿਆ ਹੋਇਆ ਹੈ?
Bikram Singh Majithia
ਡਾ. ਦਿਲਜੀਤ ਚੀਮਾ, ਬਿਕਰਮ ਮਜੀਠੀਆ ਅਤੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਜੋ ਸਿੱਧੂ ਨੇ ਪਿੱਠ 'ਚ ਛੁਰਾ ਮਾਰਨ ਦੀ ਗੱਲ ਕੀਤੀ ਹੈ ਅਤੇ ਪੁਛਿਆ ਕਿ ਕੀ ਕਾਂਗਰਸ ਨੇ ਸਿੱਧੂ ਨੂੰ ਅਪਣੀ ਪਾਰਟੀ ਵਿਚ ਰਲਾਉਣ ਲਈ ਉਸ ਨਾਲ ਕੋਈ ਵਾਅਦਾ ਕੀਤਾ ਸੀ ਜਾਂ ਇਕਰਾਰਨਾਮਾ ਕੀਤਾ ਸੀ? ਇਨ੍ਹਾਂ ਅਕਾਲੀ ਲੀਡਰਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੀੜਤ ਪਰਵਾਰ ਦੀ ਮਦਦ ਨਾ ਕਰਨਾ, ਪੀੜਤ ਪਰਵਾਰ ਵਲੋਂ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਦੇ ਤੌਰ 'ਤੇ ਸਰਕਾਰ ਦੀ ਕੋਈ ਵੀ ਅਪੀਲ ਸੁਪਰੀਮ ਕੋਰਟ ਵਿਚ ਦਾਖ਼ਲ ਨਾ ਕਰਨਾ, ਸਜ਼ਾ ਹੋਰ ਵਧਾਉਣ ਲਈ ਅਦਾਲਤ ਵਿਚ ਅਪੀਲ ਨਾ ਪਾਉਣਾ ਜਾਂ ਜਿਰਹਾ 'ਤੇ ਬਹਿਸ ਕਰਨ ਵਾਸਤੇ ਉੱਚ ਕੋਟੀ ਦਾ ਵਕੀਲ, ਸੁਪਰੀਮ ਕੋਰਟ ਵਿਚ ਪੈਰਵੀ ਕਰਨ ਲਈ ਨਾ ਭੇਜਣਾ ਇਹ ਸ਼ੱਕ ਪੈਦਾ ਕਰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਿੱਧੂ ਨੂੰ ਹੋਰ ਸਜ਼ਾ ਦਿਵਾਉਣ ਲਈ ਗੰਭੀਰ ਨਹੀਂ ਹੈ, ਸਗੋਂ ਉਸ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਪੁਛਿਆ ਕਿ ਜੇ ਬਿਸ਼ਨੋਈ ਸਮਾਜ ਇਕ ਕਾਲਾ ਹਿਰਨ ਮਾਰਨ 'ਤੇ ਸਲਮਾਨ ਖ਼ਾਨ ਨੂੰ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਵਿਚ ਜ਼ੋਰਦਾਰ ਅਪੀਲ ਪਾ ਸਕਦਾ ਹੈ, ਦੋਸ਼ੀ ਨੂੰ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ ਤਾਂ ਪੰਜਾਬ ਸਰਕਾਰ ਪੀੜਤ ਪਰਵਾਰ ਦੀ ਮਦਦ ਅਤੇ ਮਨੁੱਖੀ ਅਧਿਕਾਰਾਂ ਦੇ ਬਚਾਅ ਲਈ ਸੁਪਰੀਮ ਕੋਰਟ ਵਿਚ ਕਿਉਂ ਨਹੀਂ ਅਪੀਲ ਪਾ ਸਕੀ ਅਤੇ ਪੈਰਵੀ ਨਾ ਕਰ ਸਕੀ। ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੱਧੂ ਦੀ ਤੁਰਤ ਬਰਖ਼ਾਸਤਗੀ ਦੀ ਮੰਗ ਕਰਦਿਆਂ ਅਕਾਲੀ ਲੀਡਰਾਂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਮੁੱਖ ਮੰਤਰੀ, ਸਿੱਧੂ ਵਰਗੇ 'ਕਾਤਲ' ਨੂੰ ਕੈਬਨਿਟ ਮੀਟਿੰਗਾਂ ਵਿਚ ਬਿਠਾ ਕੇ ਦੇਸ਼ ਦੇ ਸੰਵਿਧਾਨ ਦਾ ਮਜ਼ਾਕ ਉਡਾ ਰਹੇ ਹਨ, ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ, ਦੋਗਲੀ ਨੀਤੀ 'ਤੇ ਚਲ ਰਹੇ ਹਨ। ਇਨ੍ਹਾਂ ਲੀਡਰਾਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ 'ਤੇ ਵੀ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਨਾਲ ਦੋਸਤਾਨਾ ਮੈਚ ਖੇਡਣ ਦਾ ਦੋਸ਼ ਲਾਇਆ ਅਤੇ ਖਹਿਰਾ ਨੂੰ ਅਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ।