
ਭਾਰਤ ਅਤੇ ਕੈਨਡਾ ਦੇ ਸਬੰਧਾਂ 'ਤੇ ਗੰਭੀਰ ਅਸਰ ਪਵੇਗਾ
ਚੰਡੀਗੜ੍ਹ : ਅਤਿਵਾਦੀ ਚੁਨੌਤੀਆਂ ਬਾਰੇ ਰੀਪੋਰਟ 2018 ਵਿਚ ਖ਼ਾਲਿਸਤਾਨੀ ਅਤਿਵਾਦ ਦੇ ਸਾਰੇ ਹਵਾਲੇ ਹਟਾਉਣ ਲਈ ਘਰੇਲੂ ਸਿਆਸੀ ਦਬਾਅ ਅੱਗੇ ਕਥਿਤ ਤੌਰ 'ਤੇ ਗੋਡੇ ਟੇਕਣ ਦੇ ਜਸਟਿਨ ਟਰੂਡੋ ਪ੍ਰਸ਼ਾਸਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਭਾਰਤ ਅਤੇ ਸਮੁੱਚੇ ਸੰਸਾਰ ਦੀ ਸੁਰੱਖਿਆ ਲਈ ਖ਼ਤਰਾ ਦਸਿਆ ਹੈ।
Justin Trudeau
ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਇਸ ਫ਼ੈਸਲੇ 'ਤੇ ਗੁੱਸਾ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਪੱਸ਼ਟ ਉਦੇਸ਼ ਇਸ ਚੋਣ ਸਾਲ ਦੌਰਾਨ ਆਪਣੇ ਸਿਆਸੀ ਹਿਤਾਂ ਦੀ ਰਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੰਮੇ ਸਮੇਂ ਦੌਰਾਨ ਭਾਰਤ-ਕੈਨੇਡਾ ਸਬੰਧਾਂ 'ਤੇ ਗੰਭੀਰ ਅਸਰ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਟਰੂਡੋ ਇਸ ਫ਼ੈਸਲੇ ਰਾਹੀਂ ਅੱਗ ਨਾਲ ਖੇਡ ਰਿਹਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਭਾਰਤ ਦੌਰੇ ਦੌਰਾਨ ਸਬੂਤ ਪੇਸ਼ ਕੀਤੇ ਸਨ ਜੋ ਕੈਨੇਡਾ ਦੀ ਧਰਤੀ ਨੂੰ ਵੱਖਵਾਦੀ ਖ਼ਾਲਿਸਤਾਨੀ ਵਿਚਾਰਧਾਰਾ ਦੇ ਪਸਾਰ ਅਤੇ ਮਿੱਤਰ ਦੇਸ਼ ਦੇ ਵਿਰੁਧ ਵਰਤੇ ਜਾਣ ਸਬੰਧੀ ਸਨ।
Captain Amrinder Singh
ਮੁੱਖ ਮੰਤਰੀ ਨੇ ਕਿਹਾ ਕਿ ਟਰੂਡੋ ਨੂੰ ਕੈਨੇਡਾ ਤੋਂ ਭਾਰਤ ਵਿਚ ਅਤਿਵਾਦੀ ਸਰਗਰਮੀਆਂ ਲਈ ਵਿੱਤ ਮੁਹਈਆ ਕਰਾਉਣ ਵਿਚ ਸ਼ਾਮਲ ਖ਼ਾਲਿਸਤਾਨੀ ਕਾਰਕੁਨਾਂ ਬਾਰੇ ਸੂਚਨਾ ਦਿਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਤੱਥ ਹੈ ਕਿ ਟਰੂਡੋ ਦੀ ਪਾਰਟੀ ਵਾਸਤੇ ਅਜਿਹੇ ਕਾਰਕੁਨਾਂ ਅਤੇ ਵੱਖਵਾਦੀਆਂ ਦੁਆਰਾ ਲਹਿਰਾਂ ਬਹਿਰਾਂ ਲਾਈਆਂ ਹਨ। ਉਨ੍ਹਾਂ ਨੇ ਵੱਖ ਵੱਖ ਖ਼ਾਲਿਸਤਾਨੀ ਹਵਾਲੇ ਹਟਾਉਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਨਵੀਂ ਚੁਨੌਤੀ ਰੀਪੋਰਟ ਵਿਚੋ ਖ਼ਾਲਿਸਤਾਨੀ ਸੰਗਠਨਾਂ ਨੂੰ ਬਾਹਰ ਰਖਣਾ ਸ਼ਾਂਤੀ ਪਸੰਦ ਵਿਸ਼ਵ ਭਾਈਚਾਰੇ ਦੀਆਂ ਨਜ਼ਰਾਂ ਵਿਚ ਨਾ ਮੁਆਫ਼ੀਯੋਗ ਕਾਰਾ ਹੈ।
Captain Amarinder Singh
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕਾਰਾ ਅਤਿਵਾਦੀ ਸਰਗਰਮੀਆਂ ਨੂੰ ਸਹਿਮਤੀ ਦੇਣ ਅਤੇ ਯਥਾਰਥ ਵਿਚ ਅਤਿਵਾਦ ਨੂੰ ਹੁਲਾਰਾ ਦੇਣ ਦੇ ਬਰਾਬਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਰੀਪੋਰਟ ਵਿਚ ਕੈਨੇਡਾ ਸਰਕਾਰ ਦੁਆਰਾ ਕੀਤੀਆਂ ਗਈਆਂ ਚੋਣਵੀਆਂ ਤਬਦੀਲੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਕੈਪਟਨ ਨੇ ਕਿਹਾ ਕਿ ਇਹ ਕੈਨੇਡਾ ਸਰਕਾਰ ਦੀਆਂ ਸਿਆਸੀ ਮਜਬੂਰੀਆਂ ਦਾ ਸਪੱਸ਼ਟ ਮਾਮਲਾ ਲਗਦਾ ਹੈ।