
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਠੂਆ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਗਾਇਆ ਸੀ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਲਾਏ ਦੋਸ਼ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਮੋਦੀ ਦੀਆਂ ਟਿੱਪਣੀਆਂ ਤੋਂ ਸਦਮੇ ਵਿਚ ਹਨ। ਆਪਣੇ ਇੱਕ ਟਵੀਟ ਰਾਹੀਂ ਮੋਦੀ ਨੂੰ ਕੀਤੇ ਸਿੱਧੇ ਸੰਬੋਧਨ ਵਿਚ ਕੈਪਟਨ ਨੇ ਕਿਹਾ ਹੈ ਕਿ – ‘ਤੁਸੀਂ ਅਜਿਹੇ ਮੌਕੇ ਨੂੰ ਵੀ ਗੰਦੀ ਸਿਆਸਤ ਲਈ ਵਰਤਿਆ।’ ਕੈਪਟਨ ਨੇ ਆਪਣੇ ਟਵੀਟ ਵਿਚ ਅੱਗੇ ਕਿਹਾ ਹੈ ਕਿ ‘ਅਸੀਂ ਪਿਛਲੇ ਦੋ ਵਰ੍ਹਿਆਂ ਤੋਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਰਹੇ ਸਾਂ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ 100ਵੀਂ ਬਰਸੀ ਨੂੰ ਮਨਾਉਣਾ ਹੈ, ਇਸ ਲਈ ਸਹਿਯੋਗ ਦਿੱਤਾ ਜਾਵੇ।
Tweet Captain Amrinder Singh
ਕੇਂਦਰ ਸਰਕਾਰ ਨੇ ਉਸ ਸਮਾਰੋਹ ਨੂੰ ਆਪਣਾ ਕੋਈ ਸਹਿਯੋਗ ਤਾਂ ਦਿੱਤਾ ਨਹੀਂ, ਸਗੋਂ ਉਲਟਾ ਆਪਣਾ ਇੱਕ ਸਮਾਨਾਂਤਰ ਸਮਾਰੋਹ ਰੱਖ ਲਿਆ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਠੂਆ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਗਾਇਆ ਸੀ ਕਿ ਉਹ ਕੱਲ੍ਹ ਸਨਿੱਚਰਵਾਰ ਨੂੰ ਕੇਂਦਰ ਸਰਕਾਰ ਦੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨ ਦੇ ਪ੍ਰੋਗਰਾਮ ਵਿਚ ਜਾਣ ਬੁੱਝ ਕੇ ਨਹੀਂ ਪੁੱਜੇ ਕਿਉਂਕਿ ਉਹ ਕਾਂਗਰਸ ਦੇ ਇੱਕ ਪਰਿਵਾਰ ਦੀ ਭਗਤੀ ਕਰਨ ਵਿਚ ਰੁੱਝੇ ਹੋਏ ਸਨ।
Mr. Tript Rajinder Singh Bajwa
ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ – ‘ਭਾਜਪਾ ਹੁਣ ਘਟੀਆ ਸਿਆਸਤ ਉੱਤੇ ਉੱਤਰੀ ਹੋਈ ਹੈ ਤੇ ਸ਼ਹੀਦਾਂ ਦੇ ਨਾਂਅ ਉੱਤੇ ਵੋਟਾਂ ਮੰਗ ਰਹੀ ਹੈ। ਜੇ ਪ੍ਰਧਾਨ ਮੰਤਰੀ ਨੂੰ ਸ਼ਹੀਦਾਂ ਦਾ ਇੰਨਾ ਖਿ਼ਆਲ ਸੀ, ਤਾਂ ਉਹ ਖ਼ੁਦ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜਲ੍ਹਿਆਂਵਾਲਾ ਬਾਗ਼ ਕਿਉਂ ਨਹੀਂ ਪੁੱਜੇ? ਜਦ ਕਿ ਸਾਡੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਤੇ ਹੋਰ ਸਾਰੇ ਮੰਤਰੀ ਤੇ ਅਧਿਕਾਰੀ ਮੌਜੂਦ ਸਨ।
ਦੱਸ ਦਈਏ ਕਿ ਅਮ੍ਰਿੰਤਸਰ ਵਿਚ 13 ਅਪ੍ਰੈਲ 1919 ਨੂੰ ਹੋਏ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਵਿਚ ਬ੍ਰਿਟੇਨ ਸੈਨਿਕਾਂ ਨੇ ਸ਼ਰੇਆਮ ਸ਼ਾਂਤੀਪੂਰਨ ਨੁਮਾਇਸ਼ ਕਰ ਰਹੇ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ। ਸਰਵੇਖਣ ਦੇ ਮੁਤਾਬਕ, ਇਸ ਕਤਲੇਆਮ ਵਿਚ 400 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ। ਹਾਲਾਂਕਿ, ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਿਚ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ।