
ਸਮਾਜ ਸੇਵਾ ਲਈ ਜਾਣੀ ਜਾਂਦੀ 'ਹਰਿ ਕੀ ਸੇਵਾ ਸੁਸਾਇਟੀ' ਦੇ ਆਗੂ ਕਥਾ ਵਾਚਕ ਗਿਆਨੀ ਹਰਪਾਲ ਸਿੰਘ ਮੱਖੂ, ਗਿਆਨੀ ਗੁਰਵਿੰਦਰ ਸਿੰਘ ਉਰਫ ਬਾਬਾ ਸਪੋਕਸਮੈਨੀ
ਫ਼ਿਰੋਜ਼ਪੁਰ (ਜਗਵੰਤ ਸਿੰਘ ਮੱਲ੍ਹੀ): ਸਮਾਜ ਸੇਵਾ ਲਈ ਜਾਣੀ ਜਾਂਦੀ 'ਹਰਿ ਕੀ ਸੇਵਾ ਸੁਸਾਇਟੀ' ਦੇ ਆਗੂ ਕਥਾ ਵਾਚਕ ਗਿਆਨੀ ਹਰਪਾਲ ਸਿੰਘ ਮੱਖੂ, ਗਿਆਨੀ ਗੁਰਵਿੰਦਰ ਸਿੰਘ ਉਰਫ ਬਾਬਾ ਸਪੋਕਸਮੈਨੀ ਅਤੇ ਰਾਗੀ ਭਾਈ ਸੁਖਵੰਤ ਸਿੰਘ ਆਦਿ ਸਿੰਘਾਂ ਵਲੋਂ ਸੌ ਦੇ ਕਰੀਬ ਗੁਰੂ ਘਰਾਂ ਦੇ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਦੋ-ਦੋ ਮਹੀਨੇ ਦਾ ਰਾਸ਼ਨ ਭੇਟ ਕਰ ਕੇ ਖ਼ਾਲਸਾ ਸਾਜਨਾ ਦਿਵਸ ਮਨਾਉਣ ਦੀ ਨਿਵੇਕਲੀ ਪਹਿਲ ਕੀਤੀ ਗਈ।
ਪਿੰਡਾਂ ਦੀਆਂ ਪੰਚਾਇਤਾਂ ਅਤੇ ਗੁਰਦੁਆਰਾ ਕਮੇਟੀਆਂ ਦਾ ਫ਼ਰਜ਼ ਸੀ ਕਿ ਘਰਾਂ ਵਿਚ ਹੁੰਦੇ ਧਾਰਮਕ ਸਮਾਗਮਾਂ ਮੌਕੇ ਸਿੰਘਾਂ ਦੀ ਸੇਵਾ ਪੁੰਨ ਸਮਝ ਕੇ ਕਰਨ ਵਾਲੇ ਲੋਕ ਔਖੇ ਵੇਲੇ ਉਨ੍ਹਾਂ ਦੀ ਸਾਰ ਲੈਂਦੇ ਪਰ ਬਦਕਿਸਮਤੀ ਨਾਲ ਸਾਡੀ ਕੌਮ ਇਸ ਪਾਸਿਉਂ ਅਜੇ ਅਵੇਸਲੀ ਹੈ। ਗੁਰੂ ਘਰਾਂ ਦੀ ਸੇਵਾ ਅਤੇ ਅਖੰਡ ਪਾਠ ਕਰ ਕੇ ਜੀਵਨ ਨਿਰਬਾਹ ਕਰਨ ਵਾਲੇ ਸਿੰਘਾਂ ਕੋਲ ਉਪਜੀਵਕਾ ਲਈ ਕੋਈ ਸਾਧਨ ਵੀ ਨਹੀਂ ਹਨ।
ਪਿੰਡਾਂ ਵਿਚੋਂ 20 ਤੋਂ ਜ਼ਿਆਦਾ ਸਿੰਘਾਂ ਵਲੋਂ ਫ਼ੋਨ ਰਾਹੀਂ ਅਪਣੀ ਵੇਦਨਾ ਦੱਸਣ ਤੋਂ ਬਾਅਦ ਹੀ ਇਹ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਤੋਂ ਚੱਲ ਰਹੇ ਲੰਗਰਾਂ ਅਤੇ ਰਾਸ਼ਨ ਵੰਡ ਰਹੀਆਂ ਸੰਸਥਾਵਾਂ ਨੂੰ ਉਨ੍ਹਾਂ ਅਪੀਲ ਕੀਤੀ ਕਿ ਹੁਣ ਕੌਮ ਅਤੇ ਖ਼ਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੇ ਸੰਕਟ ਵਾਲੇ ਸਮਿਆਂ ਲਈ ਪਿੰਡਾਂ ਅਤੇ ਛੋਟੇ ਕਸਬਿਆਂ ਵਿਚ ਮੁਢਲਾ ਧਰਮ ਪ੍ਰਚਾਰ ਕਰ ਕੇ ਜੀਵਨ ਨਿਰਬਾਹ ਕਰਨ ਵਾਲੇ ਸਿੰਘਾਂ ਲਈ ਵਿਸ਼ੇਸ਼ ਫ਼ੰਡ ਸਥਾਪਤ ਕੀਤਾ ਜਾਵੇ।