
ਕੋਰੋਨਾ ਵਾਇਰਸ ਦੀ ਜੋ ਜੰਗ ਜਾਰੀ ਹੈ ਉਸ ਨਾਲ ਲੜਨ ਲਈ ਫ਼ੌਜ ਨਹੀਂ ਪੰਜਾਬ ਪੁਲਿਸ ਅੱਗੇ ਆ ਰਹੀ ਹੈ।
ਚੰਡੀਗੜ੍ਹ, 13 ਅਪ੍ਰੈਲ (ਸਪੋਕਸਮੈਨ ਟੀ.ਵੀ.): ਕੋਰੋਨਾ ਵਾਇਰਸ ਦੀ ਜੋ ਜੰਗ ਜਾਰੀ ਹੈ ਉਸ ਨਾਲ ਲੜਨ ਲਈ ਫ਼ੌਜ ਨਹੀਂ ਪੰਜਾਬ ਪੁਲਿਸ ਅੱਗੇ ਆ ਰਹੀ ਹੈ। ਇਸ ਦੌਰਾਨ ਪੰਜਾਬ ਪੁਲਿਸ ਨੇ ਸਖ਼ਤੀ ਵੀ ਵਰਤੀ ਤੇ ਲੋਕਾਂ ਵਿਚ ਨਰਾਜ਼ਗੀ ਵੀ ਹੈ ਪਰ ਕਈ ਪੁਲਿਸ ਅਫ਼ਸਰ ਅਜਿਹੇ ਵੀ ਹਨ, ਜਿਨ੍ਹਾਂ ਨੇ ਲੋਕਾਂ ਦਾ ਦਿੱਲ ਵੀ ਜਿਤਿਆ ਹੈ ਅਤੇ ਮਦਦ ਲਈ ਵੀ ਅੱਗੇ ਆਏ ਹਨ।
ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਜ਼ਿਲ੍ਹਾ ਮਾਨਸਾ ਦੇ ਐਸ.ਐਸ.ਪੀ. ਨਰਿੰਦਰ ਭਾਰਗਵ ਨਾਲ ਗੱਲਬਾਤ ਕੀਤੀ। ਨਰਿੰਦਰ ਭਾਰਗਵਨੇ ਅਪਣੇ ਜ਼ਿਲ੍ਹੇ ਵਿਚ ਨਸ਼ਿਆਂ ਨੂੰ ਠੱਲ ਪਾਈਸੀ। ਲੋਕਾਂ ਉਤੇ ਡੰਡਾ ਚੁੱਕਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਨਰਿੰਦਰ ਭਾਰਗਵ ਨੇ ਦਸਿਆ ਕਿ ਜਿਸ ਦਿਨ ਕਰਫ਼ਿਊ ਲਾਗੂ ਹੋਇਆ ਸੀ ਉਸ ਤੋਂ ਇਕ ਦਿਨ ਪਹਿਲਾਂ ਜੋ ਮਾਕ ਡਰਿੱਲ ਹੋਈ ਸੀ, ਉਸ ਨੇ ਕਾਫ਼ੀ ਮਦਦ ਕੀਤੀ।
ਇਸ ਨਾਲ ਲੋਕ ਹਾਲਾਤਾਂ ਨੂੰ ਸਮਝਣ ਲੱਗੇ ਸੀ। ਇਸ ਕਰ ਕੇ ਕੋਈ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ। ਐਸਐਸਪੀ ਨਰਿੰਦਰ ਨੇ ਕਿਹਾ ਕਿ ਹਿੰਸਾ ਬਿਲਕੁਲ ਨਹੀਂ ਹੋਣੀ ਚਾਹੀਦੀ, ਚਾਹੇ ਉਹ ਪੁਲਿਸ ਵਲ਼ੋਂ ਹੋਵੇ ਜਾਂ ਜਨਤਾ ਵਲੋਂ। ਉਨ੍ਹਾਂ ਕਿਹਾ ਕਿ ਅਸੀ 21ਵੀਂ ਸਦੀ ਵੀ ਹਾਂ ਤੇ ਇਸ ਸਦੀ ਵਿਚ ਪੁਲਿਸ ਅਤੇ ਆਮ ਵਿਅਕਤੀ ਨੂੰ ਚੰਗਾ ਵਰਤਾਅ ਕਰਨਾ ਚਾਹੀਦਾ ਹੈ।
ਉਨ੍ਹਾਂ ਦਸਿਆ ਕਿ ਜਦੋਂ ਕੋਰੋਨਾ ਵਾਇਰਸ ਸ਼ੁਰੂ ਹੋਇਆ ਸੀ ਤਾਂ ਕਰਫ਼ਿਊ ਲੱਗਣ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅਗਾਂਹ ਵਧੂ ਸੋਚ ਰੱਖਦੇ ਹੋਏ ਵਿਲੇਜ ਪੁਲਿਸ ਅਫ਼ਸਰ ਅਤੇ ਵਾਰਡ ਪੁਲਿਸ ਅਫ਼ਸਰ ਸਕੀਮ ਸ਼ੁਰੂ ਕੀਤੀ ਸੀ। ਇਸ ਦੇ ਤਹਿਤ ਪੁਲਿਸ ਜ਼ਮੀਨੀ ਪੱਧਰ ਉਤੇ ਲੋਕਾਂ ਨਾਲ ਰਾਬਤਾ ਕਰਦੀ ਹੈ। ਇਸ ਦੇ ਲਈ ਹਰੇਕ ਪਿੰਡ ਜਾਂ ਹਰੇਕ ਵਾਰਡ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸੀ।
File Photo
ਜਦੋਂ ਪੰਜਾਬ ਵਿਚ ਕੋਰੋਨਾ ਨੇ ਦਸਤਕ ਦਿਤੀ ਤਾਂ ਇਸ ਸਕੀਮ ਦਾ ਬਹੁਤ ਫ਼ਾਇਦਾ ਹੋਇਆ, ਪਿੰਡਾਂ ਵਿਚ ਜੋ ਅਫ਼ਸਰ ਲੱਗੇ ਸੀ, ਉਨ੍ਹਾਂ ਨੇ ਅੱਗੇ ਕਮੇਟੀਆਂ ਬਣਾਈਆਂ ਹੋਈਆਂ ਸਨ। ਇਸ ਸਿਸਟਮ ਨੂੰ ਕੋਰੋਨਾ ਵਿਰੁਧ ਲੜਨ ਲਈ ਵਰਤਿਆ ਗਿਆ। ਇਸ ਤੋਂ ਬਾਅਦ ਜਦੋਂ ਪੰਚਾਇਤ ਐਸੋਸੀਏਸ਼ਨ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਨੂੰ ਪੁਛਿਆ ਗਿਆ ਕਿ ਉਹ ਖ਼ੁਦ ਹੀ ਲਾਕਡਾਊਨ ਕਰਨ ਵਿਚ ਸਾਡੀ ਮਦਦ ਕਰਨ।
ਇਸ ਤੋਂ ਬਾਅਦ ਉਨ੍ਹਾਂ ਦੇ ਗਰੁੱਪ ਦੀ ਮਦਦ ਨਾਲ ਪਹਿਲੇ ਦਿਨ 25 ਪਿੰਡ ਸੀ ਜਿਨ੍ਹਾਂ ਵਿਚ ਸੈਲਫ ਆਈਸੋਲੇਸ਼ਨ ਕੁਆਰੰਟਾਈਨ ਬਣਾਉਣ 'ਚ ਸਫਲ ਹੋਏ। ਇਸ ਤੋਂ ਬਾਅਦ 241 ਪਿੰਡ ਅਤੇ 85 ਵਾਰਡ ਵਿਚ ਵੀ ਇਹ ਲਾਗੂ ਕੀਤਾ ਗਿਆ। ਉਨ੍ਹਾਂ ਦਸਿਆ ਕਿ ਮਾਨਸਾ ਉਨ੍ਹਾਂ ਜ਼ਿਲ੍ਹਿਆਂ ਵਿਚ ਸੱਭ ਤੋਂ ਪਹਿਲੇ ਨੰਬਰ ਉਤੇ ਸੀ ਜਿਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਸੈਲਫ਼ ਲੌਕਡਾਊਨ ਕੀਤਾ।
ਉਨ੍ਹਾਂ ਦਸਿਆ ਕਿ ਲੋਕਾਂ ਦੀ ਜੋ ਮੁਸ਼ਕਲ ਸੀ ਜਾਂ ਜੋ ਚੀਜ਼ਾਂ ਉਨ੍ਹਾਂ ਨੂੰ ਚਾਹੀਦੀਆਂ ਸੀ ਉਹ ਪਹਿਲਾਂ ਹੀ ਮੁਹਈਆ ਕਰਵਾ ਦਿਤੀਆਂ। ਐਨ.ਆਰ.ਆਈਜ਼. ਬਾਰੇ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦਸਤਕ ਤੋਂ ਬਾਅਦ ਜਿੰਨੇ ਵੀ ਲੋਕ ਵਿਦੇਸ਼ ਤੋਂ ਆਏ ਹਨ, ਉਨ੍ਹਾਂ ਕੋਲ ਸਾਰਿਆ ਦੀ ਜਾਣਕਾਰੀ ਹੈ ਤੇ ਸਾਰਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦਸਿਆ ਕਿ ਮਾਨਸਾ ਵਿਚ ਪੰਜ ਮਾਮਲੇ ਉਨ੍ਹਾਂ ਲੋਕਾਂ ਦੇ ਹਨ, ਜੋ ਛੱਤੀਸਗੜ੍ਹ ਤੋਂ ਆਏ ਹਨ। ਪਰ ਉਹ ਪੰਜਾਬ ਨਿਜ਼ਾਮੂਦੀਨ ਦੇ ਜ਼ਰੀਏ ਆਏ ਹਨ। ਇਨ੍ਹਾਂ ਵਿਚੋਂ 4 ਔਰਤਾਂ ਅਤੇ ਇਕ ਮਰਦ ਹੈ।
ਬੁਢਲਾਡਾ ਦੇ ਇਸ ਖੇਤਰ ਵਿਚ ਜਿੱਥੇ ਇਹ ਠਹਿਰੇ ਸਨ, ਉਸ ਖੇਤਰ ਨੂੰ ਬੰਦ ਕੀਤਾ ਹੋਇਆ ਹੈ। ਉਨ੍ਹਾਂ ਦਸਿਆ ਕਿ ਅਜਿਹੇ ਮਾਹੌਲ ਵਿਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨ ਵਾਲੇ ਵੀ ਜਾਣ ਤੋਂ ਗੁਰੇਜ਼ ਕਰਦੇ ਹਨ। ਕਲ ਉੱਥੋਂ ਦੇ ਲੋਕਾਂ ਨੇ ਵੈੱਟਸਐਪ ਦੇ ਜ਼ਰੀਏ ਅਪਣੀਆਂ ਮੁਸ਼ਕਿਲਾਂ ਦਸਿਆ ਸਨ, ਉਨ੍ਹਾਂ ਨੇ ਉੱਥੇ ਜਾ ਕੇ 6 ਟੀਮਾਂ ਰਾਹੀਂ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ।