
ਕੋਵਿਡ-19 ਮਹਾਮਾਰੀ ਸੰਕਟ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਥਾਪਤ ਕੀਤੇ ਗਏ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਵਿਚ ਅਪਣਾ ਯੋਗਦਾਨ
ਚੰਡੀਗੜ੍ਹ, 13 ਅਪ੍ਰੈਲ (ਨੀਲ ਭਲਿੰਦਰ ਸਿੰਘ) : ਕੋਵਿਡ-19 ਮਹਾਮਾਰੀ ਸੰਕਟ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਥਾਪਤ ਕੀਤੇ ਗਏ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਵਿਚ ਅਪਣਾ ਯੋਗਦਾਨ ਪਾਉਂਦਿਆਂ ਸਹਿਕਾਰਤਾ ਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਫ਼ੰਡ ਦੇ ਕਾਇਮ ਰਹਿਣ ਤਕ ਹਰ ਮਹੀਨੇ ਅਪਣੀ ਅਪਣੀ ਤਨਖ਼ਾਹ ਵਿਚੋਂ 30 ਫ਼ੀ ਸਦੀ ਹਿੱਸਾ ਪੱਕੇ ਤੌਰ 'ਤੇ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਸਹਿਕਾਰਤਾ ਮੰਤਰੀ ਸ. ਰੰਧਾਵਾ ਵਲੋਂ ਅਪਣੀ ਇਕ ਮਹੀਨੇ ਦੀ ਤਨਖ਼ਾਹ ਕੋਵਿਡ ਰਾਹਤ ਫ਼ੰਡ ਵਿਚ ਦਾਨ ਕੀਤੀ ਗਈ ਸੀ।
File photo
ਅੱਜ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਸ. ਰੰਧਾਵਾ ਨੇ ਦਸਿਆ ਕਿ ਕੋਵਿਡ-19 ਸੰਕਟ ਕਾਰਨ ਸਿਹਤ ਸੇਵਾਵਾਂ ਲਈ ਲੋੜੀਂਦੇ ਪ੍ਰਬੰਧ ਕਰਨ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਕਰਫ਼ਿਊ/ਲੌਕਡਾਊਨ ਦੀਆਂ ਬੰਦਸ਼ਾਂ ਕਾਰਨ ਮੁਸ਼ਕਲਾਂ ਝੱਲ ਰਹੇ ਗ਼ਰੀਬ ਤੇ ਲੋੜਵੰਦ ਲੋਕਾਂ ਲਈ ਜ਼ਰੂਰੀ ਵਸਤਾਂ ਮੁਹਈਆ ਕਰਵਾਉਣ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜਿੱਥੇ ਸਮੁੱਚੀ ਅਰਥ ਵਿਵਸਥਾ ਹਿੱਲ ਗਈ ਹੈ ਉਥੇ ਸੂਬੇ ਦੇ ਖਜ਼ਾਨੇ ਦੀ ਆਮਦਨ ਵੀ ਘੱਟ ਗਈ ਹੈ। ਇਸੇ ਲਈ ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਇਹ ਫ਼ੰਡ ਕਾਇਮ ਰਹੇਗਾ, ਉਹ ਹਰ ਮਹੀਨੇ ਆਪਣੀ ਤਨਖ਼ਾਹ ਵਿਚੋਂ 30 ਫ਼ੀ ਸਦੀ ਹਿੱਸਾ ਇਸ ਵਿਚ ਯੋਗਦਾਨ ਪਾਉਣਗੇ।