
ਪੇਂਡੂ ਵਿਕਾਸ ਮੰਤਰੀ ਵਲੋਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ ਲਈ ਪੁਰਜ਼ੋਰ ਅਪੀਲ
ਚੰਡੀਗੜ੍ਹ, 13 ਅਪ੍ਰੈਲ (ਸ.ਸ.ਸ): ਪੰਜਾਬ ਸਰਕਾਰ ਵਲੋਂ 15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ। ਪਰ ਸੂਬੇ ਵਿਚ ਕਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਖੇਤਾਂ ਅਤੇ ਮੰਡੀਆਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਾਰੀ ਕੀਤੀਆਂ ਹਨ। ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਮੇਂ ਦੁਨੀਆਂ ਭਰ ਵਿਚ ਫੈਲੇ ਹੋਏ ਘਾਤਕ ਕੋਰੋਨਾ ਵਾਇਰਸ ਤੋਂ ਅਪਣੇ ਆਪ ਅਤੇ ਅਪਣੇ ਪਰਵਾਰਾਂ ਨੂੰ ਬਚਾਉਣ ਲਈ ਸਾਨੂੰ ਖੇਤਾਂ ਅਤੇ ਦਾਣਾ ਮੰਡੀਆਂ ਵਿਚ ਸਾਵਧਾਨੀਆਂ ਪੂਰੀ ਸਖ਼ਤੀ ਨਾਲ ਵਰਤਣੀਆਂ ਪੈਣਗੀਆਂ। ਮੰਤਰੀ ਨੇ ਦਸਿਆ ਕਿ ਪੇਂਡੂ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਪੱਧਰ 'ਤੇ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਤਹਿਤ ਪਿੰਡਾਂ ਵਿਚ ਪੋਸਟਰ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਸੋਸ਼ਲ ਮੀਡੀਆ ਅਤੇ ਵਟਸਐਪ ਰਾਹੀਂ ਲੋਕਾਂ ਨੂੰ ਪੇਂਡੂ ਵਿਕਾਸ ਵਿਭਾਗ ਵਲੋਂ ਜਾਗਰੂਕ ਕੀਤਾ ਜਾਵੇਗਾ।
ਇਹ ਹਨ ਜ਼ਰੂਰੀ ਹਦਾਇਤਾਂ:
ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸਾਵਧਾਨੀਆਂ ਅਨੁਸਾਰ ਕਣਕ ਦੀ ਵਾਢੀ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਹੋਵੇਗਾ। ਸਰਕਾਰ ਵਲੋਨ ਜਾਰੀ ਕੀਤੀਆਂ ਸਾਵਧਾਨੀਆਂ ਦੇ ਅਨੁਸਾਰ ਫ਼ਸਲ ਵੱਢਣ ਸਮੇਂ ਕਾਮੇ ਇਕ ਦੂਜੇ ਤੋਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣ, ਥੋੜੇ-ਥੋੜੇ ਸਮੇਂ ਬਾਅਦ ਅਪਣੇ ਹੱਥ ਸਾਬਣ ਨਾਲ ਚੰਗੀ ਤਰਾਂ ਧੋਂਦੇ ਰਹਿਣ, ਅਪਣੇ ਹੱਥਾਂ ਨੂੰ ਮੂੰਹ, ਅੱਖਾਂ ਅਤੇ ਨੱਕ ਨੂੰ ਲਾਉਣ ਤੋਂ ਪ੍ਰਹੇਜ਼ ਕਰਨ, ਕੰਮ ਕਰਦੇ ਸਮੇਂ ਅਪਣਾ ਨੱਕ-ਮੂੰਹ ਢੱਕ ਕੇ ਰੱਖਣ, ਖਾਣ ਪੀਣ ਸਮੇਂ ਵੀ ਇਕ ਦੂਜੇ ਤੋਂ ਉਚਿਤ ਦੂਰੀ ਬਣਾ ਕੇ ਬੈਠਣ, ਖੇਤਾਂ ਅਤੇ ਮੰਡੀਆਂ ਵਿੱਚ ਬਿਲੁਕਲ ਵੀ ਨਾ ਥੁੱਕਣ ਕਿਉਂਕਿ ਥੁੱਕਣ ਨਾਲ ਕਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਵਧਦਾ ਹੈ।
ਇੰਨਾਂ ਤੋਂ ਇਲਾਵਾ ਸਿਰਫ਼ ਉਹੀ ਕਿਸਾਨ ਅਪਣੀ ਕਣਕ ਮੰਡੀ ਵਿਚ ਲੈ ਕੇ ਆਉਣ ਜਿਨਾਂ ਨੂੰ ਆੜ੍ਹਤੀਆਂ ਵਲੋਂ ਹੋਲੋਗਰਾਮ ਵਾਲੀ ਪਰਚੀ ਦਿਤੀ ਗਈ ਹੋਵੇ, ਬਿਨਾਂ ਹੋਲੋਗਰਾਮ ਵਾਲੀ ਪਰਚੀ ਤੋਂ ਕਣਕ ਮੰਡੀ ਵਿਚ ਦਾਖ਼ਲ ਨਹੀਂ ਹੋਣ ਦਿਤੀ ਜਾਵੇਗੀ, ਟਰੈਕਟਰ ਉੱਪਰ ਡਰਾਈਵਰ ਤੋਂ ਬਿਨਾਂ ਹੋਰ ਕੋਈ ਵਿਅਕਤੀ ਨਾ ਬੈਠੇ, ਟਰਾਲੀ ਵਿਚ ਘੱਟੋ ਘੱਟ ਲੇਬਰ ਹੀ ਬੈਠੇ ਅਤੇ ਉਹ ਉਚਿਤ ਦੂਰੀ ਬਣਾ ਕੇ ਬੈਠਣ।
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸਮੂਹ ਕਿਸਾਨ ਵੀਰਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਖੇਤਾਂ ਅਤੇ ਮੰਡੀਆਂ ਵਿਚ ਉਪਰੋਕਤ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ।