
ਕਿਹਾ, ਕੋਵਿਡ ਸੰਕਟ ਵਿਚੋਂ ਸਿਆਸੀ ਸ਼ੋਹਰਤ ਖੱਟਣ ਦੀ ਕੋਸ਼ਿਸ਼ ਨਾ ਕਰੋ
ਚੰਡੀਗੜ੍ਹ (ਭੁੱਲਰ): ਹਰਸਿਮਰਤ ਕੌਰ ਬਾਦਲ ਵਲੋਂ ਸੂਬੇ ਵਿਚ ਮੌਜੂਦਾ ਕੋਵਿਡ ਸੰਕਟ ਉਤੇ ਸਿਆਸੀ ਹੋ-ਹੱਲਾ ਮਚਾ ਕੇ ਅਸੰਵੇਦਨਸ਼ੀਲ ਕੋਸ਼ਿਸ਼ਾਂ ਕੀਤੇ ਜਾਣ ’ਤੇ ਹੈਰਾਨੀ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਝੂਠ ਬੋਲਣਾ ਅਕਾਲੀ ਨੇਤਾ ਦੀ ਆਦਤ ਹੈ ਅਤੇ ਇਥੋਂ ਤੱਕ ਕਿ ਬਹੁਤ ਹੀ ਸੰਜੀਦਾ ਮਸਿਲਆਂ ਉਤੇ ਝੂਠ ਮਾਰਨਾ ਹੋਰ ਵੀ ਸ਼ਰਮਨਾਕ ਹੈ, ਖ਼ਾਸ ਕਰ ਕੇ ਉਸ ਵੇਲੇ, ਜਦੋਂ ਸੂਬੇ ਦੇ ਸਿਹਤ ਸੰਭਾਲ ਵਰਕਰਾਂ ਦੇ ਅਣਥੱਕ ਯਤਨਾਂ ਸਦਕਾ ਕੁੱਝ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ।
Captain Amarinder Singh and Harsimrat Kaur Badal
ਮੁੱਖ ਮੰਤਰੀ ਨੇ ਕਿਹਾ,‘‘ਸਾਰੇ ਪੰਜਾਬੀ ਇਹ ਜਾਣਦੇ ਹਨ ਕਿ ਹਰਸਿਮਰਤ ਬਾਦਲ ਪੈਦਾਇਸ਼ੀ ਝੂਠੀ ਹੈ ਅਤੇ ਕੋਵਿਡ ਦੀ ਸਥਿਤੀ ਬਾਰੇ ਉਸ ਦੀ ਟਿਪਣੀ ਨੇ ਹੋਰ ਵੀ ਨੀਵਾਂ ਪੱਧਰ ਉਜਾਗਰ ਕੀਤਾ ਹੈ।’’ ਉਨ੍ਹਾਂ ਨੇ ਮਹਾਂਮਾਰੀ ਦੇ ਮਸਲੇ ਉਤੇ ਘਟੀਆ ਸਿਆਸਤ ਖੇਡਣ ਲਈ ਸਾਬਕਾ ਕੇਂਦਰੀ ਮੰਤਰੀ ਦੀ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਠੋਸ ਉਪਰਾਲਿਆਂ ਜਿਸ ਨਾਲ ਕੋਵਿਡ ਫ਼ਰੰਟ ਉਤੇ ਕੁੱਝ ਸਫ਼ਲਤਾ ਮਿਲੀ ਹੈ, ਦਾ ਸਾਥ ਦੇਣ ਦੀ ਬਜਾਏ ਹਰਸਿਮਰਤ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਬਾਕੀ ਲੀਡਰਸ਼ਿਪ ਮਹਾਂਮਾਰੀ ਦੇ ਪ੍ਰਬੰਧਨ ਉਤੇ ਉਨ੍ਹਾਂ ਦੀ ਸਰਕਾਰ ਦੀ ਘਟੀਆ ਪੱਧਰ ਦੀ ਆਲੋਚਨਾ ਕਰ ਰਹੀ ਹੈ।
CM Punjab
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਕਿਸੇ ਵੀ ਸੂਬੇ ਜਾਂ ਮੁਲਕ ਨੂੰ ਨਹੀਂ ਬਖ਼ਸ਼ਿਆ ਅਤੇ ਸਾਡੇ ਸੂਬੇ ਦਾ ਮੈਡੀਕਲ ਭਾਈਚਾਰਾ ਇਸ ਵਿਰੁਧ ਲੜਨ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਭਾਈਚਾਰੇ ਦੇ ਅਣਥੱਕ ਯਤਨਾਂ ਸਦਕਾ ਪਿਛਲੇ ਕੁੱਝ ਦਿਨਾਂ ਵਿਚ ਸਥਿਤੀ ਵਿਚ ਕੁੱਝ ਸੁਧਾਰ ਹੋਇਆ ਹੈ ਅਤੇ ਪੰਜਾਬ ਹੁਣ ਕੋਵਿਡ ਦੇ ਵੱਧ ਤੋਂ ਵੱਧ ਕੇਸਾਂ ਵਾਲੇ ਪੰਜ ਸਿਖਰਲੇ ਸੂਬਿਆਂ ਵਿਚ ਸ਼ਾਮਲ ਨਹੀਂ ਹੈ।
Corona case
ਬੀਤੇ ਦਿਨ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਸਰਕਾਰੀ ਅੰਕੜਿਆਂ ਮੁਤਾਬਕ 10 ਸੂਬਿਆਂ ਵਿਚ ਕੋਵਿਡ-19 ਦੇ ਨਵੇਂ ਕੇਸਾਂ ਵਿਚ ਵੱਡਾ ਵਾਧਾ ਹੋਇਆ ਹੈ ਜਿਸ ਨਾਲ 24 ਘੰਟਿਆਂ ਦੇ ਸਮੇਂ ਵਿਚ 80.92 ਫ਼ੀ ਸਦੀ ਕੇਸ ਨਵੇਂ ਵਾਇਰਸ ਨਾਲ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਇਸ ਸੂਚੀ ਵਿਚ ਸ਼ਾਮਲ ਨਹੀਂ ਅਤੇ ਇਹ ਸਥਿਤੀ ਅੱਜ ਵੀ ਬਰਕਰਾਰ ਹੈ।