
ਕਿਹਾ, ਬਿਆਨ ਦੇ ਕੇ ਥੱਕ ਚੁੱਕੇ ਹਨ ਗਵਾਹ, ਕੈਪਟਨ ’ਤੇ ਲਗਾਏ ਬਾਦਲਾਂ ਨੂੰ ਬਚਾਉਣ ਦੇ ਦੋਸ਼
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਵਿਖੇ ਰੋਸ ਪ੍ਰਗਟ ਕਰਨ ਬੈਠੀ ਸਿੱਖ ਸੰਗਤ ’ਤੇ ਪੁਲਿਸ ਵਲੋਂ ਚਲਾਈ ਗੋਲੀ ਵਿਚ ਸ਼ਹੀਦ ਹੋਏ ਗੁਰਜੀਤ ਸਿੰਘ ਬਿੱਟੂ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪ੍ਰਵਾਰਕ ਮੈਂਬਰਾਂ ਇਨ੍ਹਾਂ ਕੇਸਾਂ ਦੀਆਂ ਇਕ ਤੋਂ ਬਾਅਦ ਇਕ ਜਾਂਚ ਤੋਂ ਹੁਣ ਇਨਸਾਫ਼ ਪ੍ਰਤੀ ਬੇਆਸ ਹੋ ਗਏ ਪ੍ਰਤੀਤ ਨਜ਼ਰ ਆ ਰਹੇ ਹਨ।
Behbal Kalan
ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਰੱਦ ਕਰਨ ਅਤੇ ਨਵੇਂ ਸਿਰਿਉਂ ਜਾਂਚ ਲਈ ਆਈਜੀ ਕੁੰਵਰ ਵਿਜੈ ਪ੍ਰਤਾਪ ਤੋਂ ਬਗ਼ੈਰ ਦੂਜੇ ਅਫ਼ਸਰਾਂ ਦੀ ਸਿੱਟ ਬਣਾਉਣ ਦੇ ਹਾਈ ਕੋਰਟ ਦੇ ਫ਼ੈਸਲੇ ਤੋਂ ਪੈਦਾ ਹੋਈ ਤਾਜ਼ਾ ਸਥਿਤੀ ਬਾਰੇ ਬਿੱਟੂ ਦੇ ਪਿਤਾ ਸਾਧੂ ਸਿੰਘ ਤੇ ਮਾਂ ਅਮਰਜੀਤ ਕੌਰ ਤੋਂ ਇਲਾਵਾ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਨਵੇਂ ਸਿਰੇ ਤੋਂ ਜਾਂਚ ਹੋਣ ਨਾਲ ਹੁਣ ਗਵਾਹਾਂ ਦਾ ਅੱਗੇ ਆਉਣਾ ਮੁਸ਼ਕਲ ਜਾਪ ਰਿਹਾ ਹੈ,
behbal kalan kand
ਕਿਉਂਕਿ ਸੱਭ ਤੋਂ ਪਹਿਲਾਂ ਜਸਟਿਸ ਮਾਰਕੰਡੇ ਕਾਟਜੂ ਦੀ ਨਿਜੀ ਜਾਂਚ, ਫਿਰ ਪੰਜਾਬ ਸਰਕਾਰ ਵਲੋਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਤੇ ਫਿਰ ਆਈਪੀਐਸ ਰਣਬੀਰ ਸਿੰਘ ਖਟੜਾ ਦੀ ਜਾਂਚ ਤੇ ਫਿਰ ਜਸਟਿਸ ਰਣਜੀਤ ਸਿੰਘ ਦੀ ਜਾਂਚ ਹੋਈ ਪਰ ਕਿਸੇ ਦੀ ਰੀਪੋਰਟ ’ਤੇ ਅਮਲ ਨਹੀਂ ਹੋ ਸਕਿਆ ਤੇ ਪਿਛਲੇ ਢਾਈ ਸਾਲ ਤੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਿੱਟ ਜਾਂਚ ਕਰ ਰਹੀ ਸੀ ਤੇ ਜਦੋਂ ਹੁਣ ਇਹ ਜਾਂਚ ਹਾਈ ਕੋਰਟ ਵਲੋਂ ਰੱਦ ਕਰ ਦਿਤੀ ਗਈ ਹੈ ਤੇ ਹੁਣ ਜਦੋਂ ਨਵੇਂ ਸਿਰਿਉਂ ਜਾਂਚ ਸ਼ੁਰੂ ਹੋਵੇਗੀ ਤਾਂ ਪਹਿਲਾਂ ਤਾਂ ਇਸ ਵਿਚ ਕਾਫ਼ੀ ਸਮਾਂ ਲੱਗੇਗਾ ਤੇ ਨਾਲ ਹੀ ਵਾਰ-ਵਾਰ ਬਿਆਨ ਦੇ ਚੁੱਕੇ ਗਵਾਹਾਂ ਦੇ ਵੀ ਪਿੱਛੇ ਹਟਣ ਦਾ ਖ਼ਦਸ਼ਾ ਹੈ।
Kunwar Vijay Partap Singh
ਸਾਧੂ ਸਿੰਘ ਨੇ ਕਿਹਾ ਕਿ ਤੱਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਵਲੋਂ ਜੇਕਰ ਕੋਈ ਦੋਸ਼ ਲਗਾਇਆ ਗਿਆ ਸੀ ਤਾਂ ਉਸ ਸਬੰਧੀ ਹਿੱਸਾ ਕਢਿਆ ਜਾਣਾ ਚਾਹੀਦਾ ਸੀ ਨਾ ਕਿ ਪੂਰੀ ਜਾਂਚ ਰੱਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ’ਤੇ ਭਰੋਸਾ ਜਿਤਾਉਂਦਿਆਂ ਕਿਹਾ ਕਿ ਪਹਿਲਾਂ ਪੁਲਿਸ ਵਲੋਂ ਜਾਂਚ ਨੂੰ ਕਥਿਤ ਤੌਰ ’ਤੇ ਗ਼ਲਤ ਦਿਸ਼ਾ ਵੱਲ ਲਿਜਾਉਣ ਦਾ ਪਰਦਾਫ਼ਾਸ਼ ਕਰਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਣਪਛਾਤੇ ਦਸੇ ਗਏ ਪੁਲਿਸ ਵਾਲੇ ਸਾਹਮਣੇੇ ਲਿਆਂਦੇ ਤੇ ਨਾਲ ਹੀ ਇਹ ਵੀ ਤੱਥ ਸਾਹਮਣੇ ਲਿਆਂਦਾ ਕਿ ਪੁਲਿਸ ਜਿਪਸੀ ’ਤੇ ਅਪਣੇ ਆਪ ਗੋਲੀਆਂ ਚਲਾਈਆਂ ਗਈਆਂ ਨਾ ਕਿ ਰੋਸ ਕਰ ਰਹੀ ਸਿੱਖ ਸੰਗਤ ਵਲੋਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਮਿ੍ਰਤਕਾਂ ’ਤੇ ਏਕੇ-47 ਦੀਆਂ ਗੋਲੀਆਂ ਮਾਰੀਆਂ ਗਈਆਂ ਸੀ ਪਰ ਬਾਅਦ ਵਿਚ ਇਹ ਗੋਲੀਆਂ 12 ਬੋਰ ਦੀਆਂ ਦੱਸੀਆਂ ਜਾਣ ਲੱਗ ਪਈਆਂ।
ਸਾਧੂ ਸਿੰਘ ਨੇ ਕਿਹਾ ਕਿ ਸ਼ੁਰੂ ਤੋਂ ਹੀ ਸਾਜ਼ਸ਼ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਲਈ ਤੱਤਕਾਲੀ ਸਰਕਾਰ ਜ਼ਿੰਮੇਵਾਰ ਹੈ ਤੇ ਜੇਕਰ ਉਦੋਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹੇ ’ਤੇ ਗੋਲੀ ਚਲੀ ਤਾਂ ਵੀ ਉਹ ਜ਼ਿੰਮੇਵਾਰ ਬਣਦੇ ਹਨ ਤੇ ਜੇਕਰ ਗੋਲੀ ਉਨ੍ਹਾਂ ਦੀ ਮਰਜ਼ੀ ਤੋਂ ਬਗ਼ੈਰ ਚਲੀ ਤਾਂ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਨੂੰ ਲੱਭ ਕੇ ਸਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਬਣਦੀ ਸੀ।