
ਵਿਸਾਖੀ ਜੋੜ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ
ਜੋੜ ਮੇਲੇ ਤੇ ਕਰੋਨਾ ਦਾ ਪਰਛਾਵਾਂ ਵਿਖਾਈ ਦਿਤਾ, ਸੰਗਤ ਦੀ ਹਾਜ਼ਰੀ ਘੱਟ ਵਿਖਾਈ ਦਿਤੀ
ਤਲਵੰਡੀ ਸਾਬੋ, 13 ਅਪ੍ਰੈਲ (ਬਲਜਿੰਦਰ ਕੁਮਾਰ) : ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਤਖ਼ਤ ਦਮਦਮਾ ਸਾਹਿਬ ਵਿਖੇ ਚਲ ਰਹੇ ਚਾਰ ਰੋਜ਼ਾ ਜੋੜ ਮੇਲੇ ਦੇ ਤੀਜੇ ਦਿਨ ਮੁੱਖ ਸਮਾਗਮ ਹੋਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਤਖ਼ਤ ਦਮਦਮਾ ਸਾਹਿਬ ਅਤੇ ਹੋਰਨਾਂ ਗੁਰੂ ਘਰਾਂ ਵਿਚ ਨਤਮਸਤਕ ਹੋਈਆਂ ਪਰ ਕਰੋਨਾ ਦਾ ਪਰਛਾਵਾ ਜੋੜ ਮੇਲੇ ’ਤੇ ਪਿਆ ਵਿਖਾਈ ਦਿਤਾ ਕਿਉਂਕਿ ਸੰਗਤਾਂ ਦੀ ਗਿਣਤੀ ਪਹਿਲਾ ਵਾਲੀਆਂ ਵਿਸਾਖੀਆਂ ਨਾਲੋਂ ਕਿਤੇ ਘੱਟ ਵਿਖਾਈ ਦਿਤੀ। ਸਮਾਗਮ ਦੌਰਾਨ ਤਖ਼ਤ ਸਾਹਿਬ ਵਿਖੇ ਬੀਤੇ ਤਿੰਨ ਪ੍ਰਕਾਸ਼ ਹੋਏ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਰਦਾਸ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਕੀਤੀ ਜਦਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਤਖ਼ਤ ਦਮਦਮਾ ਸਾਹਿਬ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ, ਜਿਨ੍ਹਾਂ ਬਾਅਦ ਵਿਚ ਕੌਮ ਦੇ ਨਾਂ ਜਾਰੀ ਸੰਦੇਸ਼ ਵਿਚ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ।
ਉਧਰ ਸਵੇਰ ਤੋਂ ਹੀ ਸੰਗਤ ਨੇ ਪਾਵਨ ਸਰੋਵਰਾਂ ਵਿਚ ਇਸ਼ਨਾਨ ਕੀਤੇ ਅਤੇ ਤਖ਼ਤ ਸਾਹਿਬ ਸਮੇਤ ਹੋਰਨਾਂ ਗੁਰੂ ਘਰਾਂ ਵਿਚ ਮੱਥਾ ਟੇਕਿਆ। ਸ਼੍ਰੋਮਣੀ ਕਮੇਟੀ ਵਲੋਂ ਭਾਈ ਡੱਲ ਸਿੰਘ ਦੀਵਾਨ ਹਾਲ ਵਿਚ ਧਾਰਮਕ ਦੀਵਾਨ ਸਜਾਏ ਗਏ ਜਿਥੇ ਦਰਬਾਰ ਸਾਹਿਬ ਅਤੇ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਧਰ ਗੁ: ਬੁੰਗਾ ਮਸਤੁੂਆਣਾ ਸਾਹਿਬ ਵਿਖੇ ਬਾਬਾ ਛੋਟਾ ਸਿੰਘ ਅਤੇ ਬਾਬਾ ਕਾਕਾ ਸਿੰਘ ਦੇ ਪ੍ਰਬੰਧ ਹੇਠ ਢਾਡੀ ਦਰਬਾਰ ਸਜਾਇਆ ਗਿਆ ਅਤੇ ਢਾਡੀ ਸਿੰਘਾਂ ਨੇ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇ:ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਲੰਗਰ ਲਗਾਏ ਗਏ।
ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਵਿਖੇ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਕਵੀਸ਼ਰੀ ਦਰਬਾਰ ਦੇ ਨਾਲ ਧਾਰਮਕ ਦੀਵਾਨ ਸਜਾਏ ਗਏ। ਨਿਹੰਗ ਸਿੰਘਾਂ ਦੇ ਲਾਇਸੰਸ ਨਵੇਂ ਬਣਾਏ ਅਤੇ ਰਿਨੀਊ ਕੀਤੇ ਗਏ। ਬੁੱਢਾ ਦਲ ਵਲੋਂ ਮਾਰਸ਼ਲ ਖੇਡ ਗਤਕੇ ਦੇ ਮੁਕਾਬਲੇ ਵੀ ਕਰਵਾਏ ਗਏ। ਦਸਣਾ ਬਣਦਾ ਹੈ ਕਿ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ 14 ਅਪ੍ਰੈਲ ਨੂੰ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਵਿਸਾਖੀ ਜੋੜ ਮੇਲਾ ਰਸਮੀ ਤੌਰ ਤੇ ਸਮਾਪਤ ਹੋ ਜਾਵੇਗਾ।