
ਬਰਤਾਨਵੀ ਸ਼ਾਸਕਾਂ ਤੋਂ ਭਾਰਤ ਨੂੰ ਆਜ਼ਾਦੀ ਦਿਵਾਉਣ ਖ਼ਾਤਰ ਅਪਣੀਆਂ ਜਾਨਾਂ ਤਕ ਵਾਰਨ ਵਾਲਿਆਂ ਨੂੰ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਨੇ ਹੁਣ ਤਾਈਂ ...
ਚੰਡੀਗੜ੍ਹ, ਬਰਤਾਨਵੀ ਸ਼ਾਸਕਾਂ ਤੋਂ ਭਾਰਤ ਨੂੰ ਆਜ਼ਾਦੀ ਦਿਵਾਉਣ ਖ਼ਾਤਰ ਅਪਣੀਆਂ ਜਾਨਾਂ ਤਕ ਵਾਰਨ ਵਾਲਿਆਂ ਨੂੰ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਨੇ ਹੁਣ ਤਾਈਂ ਸਰਕਾਰੀ ਤੌਰ ਉਤੇ ਸ਼ਹੀਦ ਨਹੀਂ ਐਲਾਨਿਆ ਹੈ। ਇਥੋਂ ਤਕ ਕਿ ਗ੍ਰਹਿ ਮੰਤਰਾਲੇ ਤਕ ਕੋਲ ਅਜਿਹੇ ਸ਼ਹੀਦਾਂ ਦੀ ਕੋਈ ਸੂਚੀ ਤਕ ਮੌਜੂਦ ਨਹੀਂ ਹੈ।
ਆਰਟੀਆਈ ਤਹਿਤ ਮੰਗੀ ਗਈ ਇਕ ਜਾਣਕਾਰੀ ਦੇ ਜਵਾਬ ਵਿਚ ਗ੍ਰਹਿ ਮੰਤਰਾਲੇ ਨੇ ਖ਼ੁਦ ਇਹ ਪ੍ਰਗਟਾਵਾ ਕੀਤਾ ਹੈ ਜਿਸ ਮੁਤਾਬਕ ਭਾਰਤ ਦਾ ਗ੍ਰਹਿ ਮੰਤਰਾਲਾ ਦੇਸ਼ ਵਿਚ ਨਾ ਤਾਂ ਕਿਸੇ ਵਿਅਕਤੀ (ਜ਼ਿੰਦਾ ਜਾਂ ਮੁਰਦਾ) ਨੂੰ ਸ਼ਹੀਦ ਐਲਾਨਦਾ ਹੈ ਅਤੇ ਨਾ ਹੀ ਸ਼ਹੀਦਾਂ ਦੀ ਕੋਈ ਅਧਿਕਾਰਤ ਸੂਚੀ ਹੀ ਤਿਆਰ ਕਰਦਾ ਹੈ। ਉਥੇ ਹੀ ਭਾਰਤੀ ਇਤਿਹਾਸ ਖੋਜ ਕੌਂਸਲ (ਆਈਸੀਐਚਆਰ) ਵਲੋਂ 'ਡਿਕਸ਼ਨਰੀ ਆਫ਼ ਮਾਰਟੀਅਰਸ : ਇੰਡੀਅਨ ਫ਼ਰੀਡਮ ਸਟਰਗਲ (1857-1947)' ਦੇ ਹੁਣ ਤਕ ਪੰਜ ਸੰਸਕਰਣ ਤਾਂ ਪ੍ਰਕਾਸ਼ਿਤ ਕਰ ਦਿਤੇ ਗਏ ਹਨ ਪਰ ਕੌਂਸਲ ਦੇ ਕੋਲ ਵੀ ਆਜ਼ਾਦੀ ਦੀ ਲੜਾਈ ਦੇ ਸ਼ਹੀਦਾਂ ਦੀ ਕੋਈ ਸੂਚੀ ਨਹੀਂ ਹੈ। ਅਹਿਮ ਗੱਲ ਇਹ ਵੀ ਹੈ ਕਿ ਵਾਰ ਵਾਰ ਆਰਟੀਆਈ ਤਹਿਤ ਸੂਚਨਾ ਮੰਗੇ ਜਾਣ ਉਤੇ ਵੀ ਕੋਈ ਠੋਸ ਕਾਰਵਾਈ ਹੋਣ ਦੀ ਬਜਾਏ ਮਹਿਜ਼ ਸੂਚਨਾ ਮੰਗਣ ਵਾਲੀ ਚਿੱਠੀ ਹੀ ਅੱਗੇ ਤੋਰ ਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ। ਇਸ ਵਾਰ ਵੀ ਇਹ ਸੂਚਨਾ ਮੰਗਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਰੀ ਚੰਦ ਅਰੋੜਾ ਨੇ ਸਾਲ 2015 ਵਿਚ ਵੀ ਭਾਰਤ ਸਰਕਾਰ ਦੁਆਰਾ ਬਣਾਈ ਗਈ ਸ਼ਹੀਦਾਂ ਦੀ ਸੂਚੀ ਦੀ ਮੰਗ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਰਟੀਆਈ ਤਹਿਤ ਬਿਨੈ ਕੀਤਾ ਸੀ। ਜਿਸ ਉੱਤੇ ਗ੍ਰਹਿ ਮੰਤਰਾਲੇ ਨੇ ਸਾਫ਼ ਕਰ ਦਿਤਾ ਸੀ ਕਿ ਮੰਤਰਾਲਾ ਅਜਿਹੀ ਕੋਈ ਸੂਚੀ ਬਣਾਉਣ ਜਾਂ ਕਿਸੇ ਨੂੰ ਸ਼ਹੀਦ ਐਲਾਨੇ ਜਾਣ ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਨਹੀਂ ਹੈ
RTI
ਅਤੇ ਇਸ ਬਾਰੇ ਵਿਚ ਜਾਣਕਾਰੀ ਦੇਣ ਲਈ ਅਰਜ਼ੀ ਨੂੰ ਭਾਰਤ ਦੇ ਨੈਸ਼ਨਲ ਆਰਕਾਈਵ ਕੋਲ ਭੇਜਿਆ ਜਾ ਰਿਹਾ ਹੈ। ਪਰ ਹੁਣ ਕੋਈ ਠੋਸ ਕਾਰਵਾਈ ਅੱਗੇ ਨਾ ਤੁਰਦੀ ਵੇਖ ਐਡਵੋਕੇਟ ਅਰੋੜਾ ਨੇ 25 ਮਾਰਚ , 2018 ਨੂੰ ਕੇਂਦਰੀ ਗ੍ਰਹਿ ਮੰਤਰਾਲੇ, ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਇਕ ਕਾਨੂੰਨੀ ਨੋਟਿਸ ਭੇਜ ਆਜ਼ਾਦੀ ਦੀ ਲੜਾਈ ਦੇ ਸ਼ਹੀਦਾਂ ਦੀ ਸੂਚੀ ਜਾਰੀ ਕਰਨ ਬਾਰੇ ਪੁਛਿਆ ਹੈ ਜਿਸ ਉਤੇ ਬੀਤੀ 3 ਮਈ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਡਰ-ਸੈਕਟਰੀ ਆਰਪੀ ਸੱਤੀ ਨੇ ਜਵਾਬ ਦਿਤਾ ਹੈ। ਐਡਵੋਕੇਟ ਅਰੋੜਾ ਨੇ ਮੀਡੀਆ ਨਾਲ ਉਕਤ ਜਵਾਬ ਮੀਡੀਆ ਨਾਲ ਸਾਂਝਾ ਕੀਤਾ ਹੈ ਜਿਸ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕਿਹਾ ਗਿਆ ਕਿ ਭਾਰਤੀ ਇਤਿਹਾਸ ਖੋਜ ਕੌਂਸਲ (ਆਈਸੀਐਚਆਰ) ਜੋ ਕਿ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਦੀ ਇਕ ਖ਼ੁਦਮੁਖਤਿਆਰ ਇਕਾਈ ਹੈ, ਨੇ ਸਭਿਆਚਾਰ ਦੇ ਨਾਲ ਮਿਲ ਕੇ ਇਕ ਪ੍ਰੋਜੈਕਟ 'ਡਿਕਸ਼ਨਰੀ ਆਫ਼ ਮਾਰਟੀਅਰਸ : ਇੰਡੀਅਨ ਫ਼ਰੀਡਮ ਸਟਰਗਲ (1857-1947)' ਉੱਤੇ ਕੰਮ ਸ਼ੁਰੂ ਕੀਤਾ ਹੈ। ਜਿਸ ਦੇ ਤਹਿਤ ਹੁਣ ਤਕ ਸ਼ਹੀਦਾਂ ਦੀ ਇਸ ਡਿਕਸ਼ਨਰੀ ਦੇ ਪੰਜ ਸੰਸਕਰਣ ਪ੍ਰਕਾਸ਼ਤ ਹੋ ਚੁਕੇ ਹਨ। ਹਾਲਾਂਕਿ ਗ੍ਰਹਿ ਮੰਤਰਾਲਾ ਆਜ਼ਾਦੀ ਦੀ ਲੜਾਈ ਦੇ ਸ਼ਹੀਦਾਂ ਦੀ ਕੋਈ ਸੂਚੀ ਤਿਆਰ ਕਰਦਾ ਜਾਂ ਬਣਾਉਂਦਾ ਨਹੀਂ ਹੈ, ਇਸ ਲਈ ਫ਼ੌਰੀ ਤੌਰ ਉਤੇ ਇਹ ਮਾਮਲਾ ਬਣਦੀ ਯੋਗ ਕਾਰਵਾਈ ਹਿਤ ਅਤੇ ਬਣਦਾ ਜਵਾਬ ਦੇਣ ਲਈ ਭਾਰਤੀ ਇਤਿਹਾਸ ਖੋਜ ਕੌਂਸਲ ਨੂੰ ਭੇਜਿਆ ਜਾ ਰਿਹਾ ਹੈ।