
26 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ
ਪੰਚਕੂਲਾ, 13 ਮਈ (ਪੀ. ਪੀ. ਵਰਮਾ) : ਪੰਚਕੂਲਾ ਬਰਵਾਲਾ ਦੇ ਨੇੜੇ ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੀ ਅੰਬਾਲਾ ਰੋਡ ਤੇ ਰਾਮਾ ਪਲਾਈਵੁੱਡ ਫ਼ੈਕਟਰੀ ਨੂੰ ਅੱਧੀ ਰਾਤ ਨੂੰ ਅੱਗ ਲੱਗ ਜਾਣ ਕਾਰਨ ਸਾਰੀ ਫੈਕਟਰੀ ਸੜ ਕੇ ਸਵਾਹ ਹੋ ਗਈ। ਫ਼ਾਇਰ ਬ੍ਰਿਗੇਡ ਦੀਆਂ 26 ਗੱਡੀਆਂ ਨੇ ਅੱਗ ਬੁਝਾਈ। ਇਹ ਫੈਕਟਰੀ ਪਲਾਈਵੁੱਡ ਦੀ ਸੀ।
ਅੱਗ ਇੰਨੀ ਜਬਰਦਸਤ ਸੀ ਕਿ ਇਸ ਨੂੰ ਬੁਝਾਉਣ ਵਾਸਤੇ ਕਾਲਕਾ, ਪੰਚਕੂਲਾ, ਨਰੈਣਗੜ੍ਹ, ਅੰਬਾਲਾ, ਡੇਰਾਬੱਸੀ, ਯਮੁਨਾਨਗਰ ਅਤੇ ਹੋਰ ਆਸਪਾਸ ਦੇ ਥਾਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ। ਇਹਨਾਂ ਨੇ 9 ਘੰਟੇ ਦੀ ਮੁਸੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।
ਇਸ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਦੇ ਹੀ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਐੱਸਡੀਐਮ ਧੀਰਜ ਚਹਿਲ, ਤਹਿਸੀਲਦਾਰ ਪੁੰਨੀਆ ਦੀਪ ਸ਼ਰਮਾ, ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀ ਅਤੇ ਕਈ ਸਿਆਸੀ ਵਿਆਕਤੀ ਘਟਨਾ ਸਥਾਨ 'ਤੇ ਪਹੁੰਚ ਗਏ।
ਫ਼ੈਕਟਰੀ ਦੇ ਗੇਟ 'ਤੇ ਮਜ਼ਦੂਰਾਂ ਦੇ ਲਈ ਬਣੇ ਗਏ ਮਕਾਨਾਂ ਉੱਤੇ ਸੋ ਰਹੇ ਮਜ਼ਦੂਰਾਂ ਨੇ ਸੱਭ ਤੋਂ ਪਹਿਲਾਂ ਅੱਗ ਵੇਖੀ ਅਤੇ ਉਨ੍ਹਾਂ ਨੇ ਫੈਕਟਰੀ ਦੇ ਮੈਨੇਜਰ ਨੂੰ ਸੂਚਨਾ ਦਿਤੀ। ਅੱਗ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਉੱਥੇ ਪਹੁੰਚ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਾਰਟਸਰਕਟ ਦੱਸਿਆ ਜਾ ਰਿਹਾ ਹੈ।