
ਪੰਜਾਬ ਮੰਤਰੀ ਮੰਡਲ ਵਲੋਂ ਪਿਛਲੇ ਦਿਨੀਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਬਾਰੇ ਪਾਸ ਮਤੇ ਤੋਂ ਬਾਅਦ ਹੁਣ ਪੰਜਾਬ ਕਾਂਗਰਸ...
ਚੰਡੀਗੜ੍ਹ, 13 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਮੰਤਰੀ ਮੰਡਲ ਵਲੋਂ ਪਿਛਲੇ ਦਿਨੀਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਬਾਰੇ ਪਾਸ ਮਤੇ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਅੰਦਰ ਵੀ ਇਸ ਨੂੰ ਵਿਆਪਕ ਸਮਰਥਨ ਮਿਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਸਕੱਤਰ ਤੋਂ ਐਕਸਾਈਜ਼ ਮਹਿਕਾ ਵਾਪਸ ਲਏ ਜਾਣ ਤੋਂ ਬਾਅਦ ਵੀ ਮਾਮਲਾ ਠੰਢਾ ਨਹੀਂ ਪੈ ਰਿਹਾ।
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਮੁੜ ਕੀਤੇ ਟਵੀਟ ਰਾਹੀਂ ਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵੀ ਸਹੀ ਕਰਾਰ ਦਿਤੇ ਜਾਣ ਮਗਰੋਂ ਹੁਣ ਪੰਜਾਬ ਕਾਂਗਰਸ 'ਚ ਵੀ ਇਹ ਮੰਗ ਭਾਂਬੜ ਬਣ ਰਹੀ ਹੈ। ਅੱਜ ਕਈ ਕਾਂਗਰਸੀ ਵਿਧਾਇਕਾਂ ਨੇ ਵੀ ਅਪਣੇ ਵਿਚਾਰ ਪੇਸ਼ ਕਰਦਿਆਂ ਅਫ਼ਸਰਸ਼ਾਹੀ ਵਿਰੁਧ ਮਨ ਦੀ ਭੜਾਸ ਕੱਢਣੀ ਸ਼ੁਰੂ ਕਰਦਿਆਂ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਦੀ ਹਮਾਇਤ ਕੀਤੀ ਹੈ। ਕਈ ਵਿਧਾਇਕ ਪਹਿਲਾਂ ਹੀ ਮੰਤਰੀਆਂ ਦਾ ਸਮਰਥਨ ਕਰ ਚੁੱਕੇ ਹਨ।
ਕਈ ਮੰਤਰੀ ਵੀ ਮੁੱਖ ਸਕੱਤਰ ਨੂੰ ਹਟਾਉਣ ਦੀ ਮੰਗ 'ਤੇ ਹੁਣ ਅੜ ਚੁੱਕੇ ਹਨ ਭਾਵੇਂ ਕਿ ਮੁੱਖ ਮੰਤਰੀ ਨੇ ਕਰਨ ਅਵਤਾਰ ਤੋਂ ਐਕਸਾਈਜ਼ ਵਿਭਾਗ ਵਾਪਸ ਲੈ ਕੇ ਵਿਚਾਲੇ ਦਾ ਰਸਤਾ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਭਾਵੇਂ ਸਾਰੇ ਮੰਤਰੀਆਂ ਨੇ ਮਤਾ ਪਾਸ ਕੀਤਾ ਸੀ ਪਰ ਹੁਣ ਕੁੱਝ ਮੰਤਰੀ ਵਿਵਾਦ ਦੇ ਹੱਲ ਲਈ ਮੁੱਖ ਮੰਤਰੀ ਨਾਲ ਯਤਨ ਵੀ ਕਰ ਰਹੇ ਹਨ। ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਰੰਧਾਵਾ ਸਣੇ ਕਈ ਹੋਰ ਮੰਤਰੀ ਅਪਣੇ ਸਟੈਂਡ 'ਤੇ ਕਾਇਮ ਹਨ ਅਤੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਖੜ ਦੀ ਵੀ ਪੂਰੀ ਹਮਾਇਤ ਹਾਸਲ ਹੈ।
ਅੱਜ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਮੁੜ ਟਵੀਟ ਕਰ ਕੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਵਿਭਾਗ ਵਾਪਸ ਲੈਣਾ ਹੀ ਕਾਫ਼ੀ ਨਹੀਂ ਬਲਕਿ ਇਸ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਇਆ ਜਾਵੇ। ਮੰਤਰੀ ਰੰਧਾਵਾ ਦੇ ਸਮਰਥਨ ਤੋਂ ਇਲਾਵਾ ਹੋਰ ਵਿਧਾਇਕਾਂ 'ਚੋਂ ਡਾ. ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਪਾਹੜਾ, ਰਜਿੰਦਰ ਸਿੰਘ ਸਮਾਣਾ ਨੇ ਵੀ ਮੁੱਖ ਸਕੱਤਰ ਨੂੰ ਹਟਾਉਣ ਦਾ ਸਮਰਥਨ ਕੀਤਾ ਹੈ। ਵਿਧਾਇਕ ਫ਼ਤਿਹਜੰਗ ਬਾਜਵਾ, ਹਰਜੋਤ ਕਮਲ ਪਹਿਲਾਂ ਹੀ ਇਹ ਮੰਗ ਕਰ ਚੁੱਕੇ ਹਨ