
ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇਮਾਰਤ ਨੂੰ ਲੱਗੀ ਭਿਆਨਕ ਅੱਗ, 26 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ, 13 ਮਈ : ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਸ਼ੁੱਕਰਵਾਰ ਇਕ ਵਪਾਰਕ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗ ਕਾਰਨ 26 ਲੋਕਾਂ ਦੀ ਮੌਤ ਹੋ ਗਈ ਅਤੇ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਅੱਗ ਦੀ ਸੂਚਨਾ ਸ਼ਾਮ 4:40 ’ਤੇ ਮਿਲੀ ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ ’ਤੇ ਹੀ ਭੇਜੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਮੁੰਡਕਾ ਮੈਟਰੋ ਸਟੇਸ਼ਨ ਦੇ ਪਿਲਰ ਨੰਬਰ 544 ਨੇੜੇ ਸਥਿਤ ਇਮਾਰਤ ਨੂੰ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਜਾਰੀ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਇਮਾਰਤ ’ਚ ਫਸੇ ਲੋਕਾਂ ਨੂੰ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਬਾਹਰੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.) ਸਮੀਰ ਸ਼ਰਮਾ ਨੇ ਕਿਹਾ ਕਿ ਸ਼ੁਰੂਆਤ ਜਾਂਚ ’ਚ ਪਤਾ ਚਲਿਆ ਹੈ ਕਿ ਤਿੰਨ ਮੰਜ਼ਿਲਾਂ ਵਪਾਰਕ ਇਮਾਰਤ ’ਚ ਕੰਪਨੀਆਂ ਦੇ ਦਫ਼ਤਰ ਹਨ। (ਏਜੰਸੀ)