
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਕੰਵਲਜੀਤ ਸਿੰਘ ਨੂੰ ਫਸਾਇਆ ਗਿਆ : ਈਮਾਨ ਸਿੰਘ ਮਾਨ
ਕਿਹਾ, ਸ਼੍ਰੋਮਣੀ ਕਮੇਟੀ ਅਪਣੀ ਜਵਾਬਦੇਹੀ ਤੋਂ ਭੱਜ ਰਹੀ ਹੈ
ਅੰਮਿ੍ਤਸਰ, 13 ਮਈ (ਪਰਮਿੰਦਰ ਅਰੋੜਾ) : ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਆਗੂ ਈਮਾਨ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਕੰਵਲਜੀਤ ਸਿੰਘ ਨੂੰ ਫਸਾਇਆ ਗਿਆ ਹੈ ਜਦਕਿ ਦੋਸ਼ੀ ਅਧਿਕਾਰੀਆਂ ਨੂੰ ਸਹੂਲਤਾਂ ਦੇ ਕੇ ਪੈਸੇ ਦੇ ਕੇ ਬਾਇਜ਼ਤ ਰਿਟਾਇਰ ਕੀਤਾ ਗਿਆ ਹੈ | ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਪਣੀ ਜਵਾਬਦੇਹੀ ਤੋਂ ਭੱਜ ਰਹੀ ਹੈ | ਆਡਿਟ ਵਿਭਾਗ ਦੇ ਮੁਖੀ ਐਸ ਐਸ ਕੋਹਲੀ ਨੇ ਵੀ ਇਸ ਮਾਮਲੇ ਤੇ ਠੀਕ ਰੋਲ ਅਦਾ ਨਹੀ ਕੀਤਾ | 328 ਪਾਵਨ ਸਰੂਪਾਂ ਦੇ ਮਾਮਲੇ ਤੇ 5 ਸਾਲ ਤਕ ਆਡਿਟ ਵਿਭਾਗ ਚੁਪ ਰਿਹਾ |
ਉਨ੍ਹਾਂ ਕਿਹਾ ਕਿ ਅਸੀ ਇਸ ਮਾਮਲੇ ਦੇ ਦੋਸ਼ੀਆਂ ਨਾਲ ਸਖ਼ਤੀ ਚਾਹੁੰਦੇ ਹਾਂ ਤਾਕਿ ਅਸਲ ਸੱਚ ਸਾਹਮਣੇ ਆ ਸਕੇ | ਉਨ੍ਹਾਂ ਕਿਹਾ ਕਿ ਅਸੀ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਇਸ ਸਾਰੇ ਮਾਮਲੇ ਦੀ ਪੁਲਿਸ ਪੜਤਾਲ ਦੀ ਮੰਗ ਕਰਾਂਗੇ, ਤਾਂ ਕਿ ਪਤਾ ਲੱਗ ਸਕੇ ਕਿ ਉਹ ਪਾਵਨ ਲਾਪਤਾ ਸਰੂਪ ਕਿਥੇ ਹਨ ਤੇ ਕਿਸ ਹਾਲ ਵਿਚ ਹਨ |
ਅੱਜ ਸਿੱਖ ਗੁਰਦਵਾਰਾ ਜੁਡੀਸ਼ੀਅਲ ਕਮਿਸ਼ਨ ਵਿਚ ਇਸ ਮਾਮਲੇ ਦੀ ਤਾਰੀਖ਼ ਤੇ ਆਏ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਪਹਿਲਾਂ ਅਸੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਤੇ ਫਿਰ ਬੀਬੀ ਜਗੀਰ ਕੌਰ ਕੋਲੋਂ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਲਈ ਜਾਂਦੇ ਰਹੇ | ਹੁਣ ਅਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਲੋ ਜਵਾਬ ਮੰਗ ਰਹੇ ਹਾਂ ਪਰ ਸਾਡੀ ਸੁਣਵਾਈ ਨਹੀ ਹੋ ਰਹੀ |
ਇਸ ਮੌਕੇ ਤੇ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਘੱਟ ਤੋ ਘੱਟ ਸ਼੍ਰੋਮਣੀ ਕਮੇਟੀ ਸੰਗਤ ਨੂੰ ਇਹ ਤਾਂ ਸ਼ਪਸ਼ਟ ਕਰੇ ਕਿ ਪਾਵਨ ਸਰੂਪ ਕਿਥੇ ਹਨ ਤੇ ਕਿਸ ਹਾਲ ਵਿਚ ਹਨ | ਉਨ੍ਹਾਂ ਕਿਹਾ ਕਿ ਕਮੇਟੀ ਬੇਅਦਬੀ ਮਾਮਲੇ ਨੂੰ ਦਬਾਅ ਰਹੀ ਹੈ ਤੇ ਬੰਦ ਮਾਮਲਾ ਦਸ ਕੇ ਪੱਲਾ ਝਾੜ ਰਹੀ ਹੈ | ਇਸ ਮੌਕੇ ਤੇ ਹਰਪਾਲ ਸਿੰਘ ਬਲੇਰ ਤੇ ਬਲਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ |