
ਮੁਹਾਲੀ ਗ੍ਰਨੇਡ ਹਮਲੇ ਦਾ ਮਾਮਲਾ ਸੁਲਝਿਆ, ਪੁਲਿਸ ਨੇ ਅਤਿਵਾਦੀ ਹਮਲਾ ਕਰਾਰ ਦਿਤਾ
ਛੇ ਮੁਲਜ਼ਮ ਫੜੇ ਤੇ ਤਿੰਨ ਮੁੱਖ ਹਮਲਾਵਰ ਗਿ੍ਫ਼ਤ ਤੋਂ ਬਾਹਰ
ਚੰਡੀਗੜ੍ਹ, 13 ਮਈ (ਸੁਰਜੀਤ ਸਿੰਘ ਸੱਤੀ) : ਪੰਜਾਬ ਪੁਲਿਸ ਇੰਟੈਲੀਜੈਂਸ ਇਮਾਰਤ 'ਤੇ ਮੁਹਾਲੀ ਵਿਖੇ ਆਰਪੀਜੀ ਰਾਹੀਂ ਅਤਿਵਾਦੀ ਹਮਲਾ ਕੀਤਾ ਗਿਆ ਸੀ | ਇਹ ਇਕ ਸੰਕੇਤਕ ਹਮਲਾ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਵਿਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਹਰਵਿੰਦਰ ਸਿੰਘ ਰਿੰਦਾ ਅਤੇ ਕੈਨੇਡਾ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵਲੋਂ ਘੜੀ ਵਿਉਂਤ ਦੇ ਤਹਿਤ ਦਿਤਾ ਗਿਆ | ਪੰਜਾਬ ਪੁਲਿਸ ਦੇ ਡੀਜੀਪੀ ਵੀ.ਕੇ.ਭਾਵਰਾ ਨੇ ਇਥੇ ਪ੍ਰੈਸ ਕਾਨਫਰੰਸ ਕਰਕੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਊਾਟਰ ਇੰਟੈਲੀਜੈਂਸ ਤੇ ਮੁਹਾਲੀ ਪੁਲਿਸ ਨੇ ਹੁਣ ਇਹ ਮਾਮਲਾ ਸੁਲਝਾ ਲਿਆ ਹੈ | ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ ਫਰੀਦਕੋਟ ਪੁਲਿਸ ਵਲੋਂ ਕਿਸੇ ਹੋਰ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਨਿਸ਼ਾਨ ਸਿੰਘ ਤੋਂ ਅਹਿਮ ਪ੍ਰਗਟਾਵੇ ਹੋਏ ਤੇ ਉਸ ਨੂੰ ਇਸ ਮਾਮਲੇ ਵਿਚ ਸ਼ਾਮਲ ਕੀਤਾ ਗਿਆ ਹੈ | ਉਸ ਤੋਂ ਇਲਾਵਾ ਇਕ ਮਹਿਲਾ ਸਮੇਤ ਪੰਜ ਹੋਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਇਮਾਰਤ 'ਤੇੇ ਹਮਲਾ ਕਰਨ ਵਾਲੇ ਤਿੰਨ ਮੁੱਖ ਮੁਲਜ਼ਮਾਂ ਨੰੂੰ ਛੇਤੀ ਹੀ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ | ਮੱੁਖ ਹਮਲਾਵਰਾਂ ਵਿਚ ਨੋਇਡਾ 'ਚ ਰਹਿ ਰਹੇ ਮੂਲ ਤੌਰ ਤੋਂ ਬਿਹਾਰ ਦੇ ਰਹਿਣ ਵਾਲੇ ਦੋ ਮੁਹੰਮਦਨ ਨੌਜਵਾਨ ਮੋਹੰਮਦ ਲਾਖੀਰ ਤੇ ਮੁਹੰਮਦ ਸ਼ਰੀਫਰਾਜ ਵੀ ਸ਼ਾਮਲ ਹਨ | ਇਨ੍ਹਾਂ ਦਾ ਪਾਕਿ ਅਧਾਰਤ ਅਤਿਵਾਦੀ ਸੰਗਠਨਾਂ ਨਾਲ ਕੁਨੈਕਸ਼ਨ ਵੀ ਲਭਿਆ ਜਾ ਰਿਹਾ ਹੈ |
ਡੀਜੀਪੀ ਨੇ ਦਸਿਆ ਕਿ ਹਮਲੇ ਵਿਚ ਇਸਤੇਮਾਲ ਹੋਇਆ ਆਰਪੀਜੀ ਆਮ ਤੌਰ 'ਤੇ ਰੂਸ ਤੇ ਬੁਲਗਾਰੀਆ ਵਿਚ ਇਸਤੇਮਾਲ ਹੁੰਦਾ ਹੈ ਪਰ ਮੁਹਾਲੀ ਆਰਪੀਜੀ ਹਮਲੇ ਪਿੱਛੇ ਪਾਕਿਸਤਾਨ ਅਤਿਵਾਦੀ ਕੁਨੈਕਸ਼ਨ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦਸਿਆ ਕਿ ਮੁੱਖ ਤੌਰ 'ਤੇ ਆਈਐਸਆਈ ਤੇ ਵਧਾਵਾ ਸਿੰਘ ਦੇ ਨੇੜਲੇ ਹਰਵਿੰਦਰ ਸਿੰਘ ਰਿੰਦਾ ਤੇ 2017 ਤੋਂ ਕੈਨੇਡਾ ਵਿਚ ਰਹਿ ਰਹੇ ਲਖਬੀਰ ਲੰਡਾ ਨੇ ਮੁਹਾਲੀ ਹਮਲੇ ਦੀ ਵਿਉਂਤ ਬਣਾਈ ਤੇ ਲੰਡਾ ਨੇ ਤਰਨਤਾਰਨ ਖੇਤਰ ਦੇ ਸਰਗਰਮ ਮੁਲਜ਼ਮਾਂ ਨੂੰ ਸਾਰਾ ਸਮਾਨ ਮੁਹੱਈਆ ਕਰਵਾਇਆ | ਲੰਡਾ ਦੇ ਨੇੜਲੇ ਨਿਸ਼ਾਨ ਸਿੰਘ ਨੇ ਚੜ੍ਹਕ ਸਿੰਘ ਨੂੰ ਅੰਮਿ੍ਤਸਰ ਵਿਚ ਪਨਾਹ ਦਿਤੀ ਤੇ ਇਸੇ ਤਰ੍ਹਾਂ ਕੰਵਰ ਬਾਠ ਤੇ ਬਲਜੀਤ ਕੌਰ ਤੇ ਨਿਸ਼ਾਨ ਸਿੰਘ ਨੂੰ ਆਰਪੀਜੀ ਮੁਹਈਆ ਕਰਵਾਇਆ ਗਿਆ | ਤਰਨਤਾਰਨ ਖੇਤਰ ਦੇ ਹੀ ਬਲਜਿੰਦਰ ਸਿੰਘ ਰੈਂਬੋ ਨਾਂ ਦੇ ਇਕ ਹੋਰ ਬਦਮਾਸ਼ ਨੇ ਚੜ੍ਹਕ ਸਿੰਘ ਨੂੰ ਏਕੇ-47 ਰਾਈਫਲ ਮੁਹੱਈਆ ਕਰਵਾਈ ਤੇ ਉਹ ਤਿੰਨੇ ਸੱਤ ਮਈ ਨੂੰ ਮੁਹਾਲੀ ਲਈ ਰਵਾਨਾ ਹੋਏ ਤੇ ਮੁਹਾਲੀ ਦੇ ਵੇਬ ਹਾਈਟਸ ਵਿਖੇ ਰਹਿ ਰਹੇ ਜਗਦੀਪ ਕੰਗ ਨੇ ਸਥਾਨਕ ਮਦਦ ਮੁਹਈਆ ਕਰਵਾਈ | ਡੀਜੀਪੀ ਮੁਤਾਬਕ 9 ਮਈ ਨੂੰ ਚੜ੍ਹਕ ਸਿੰਘ ਤੇ ਜਗਦੀਪ ਸਿੰਘ ਨੇ ਇੰਟੈਲੀਜੈਂਸ ਇਮਾਰਤ ਦੀ ਰੇਕੀ ਕੀਤੀ |
ਡੀਜੀਪੀ ਮੁਤਾਬਕ ਵਾਰਦਾਤ ਨੂੰ ਅੰਜਾਮ ਚੜ੍ਹਕ ਸਿੰਘ, ਮੁਹੰਮਦ ਲਾਖਿਰ ਤੇ ਮੁਹੰਮਦ ਸ਼ਰੀਫਰਾਜ ਵਲੋਂ ਦਿਤਾ ਗਿਆ ਤੇ ਉਹ ਅਜੇ ਗਿਰਫਤ ਤੋਂ ਬਾਹਰ ਹਨ ਪਰ ਛੇਤੀ ਹੀ ਹੱਥੇ ਚੜ੍ਹ ਜਾਣਗੇ | ਡੀਜੀਪੀ ਭਾਂਵਰਾ ਨੇ ਦਸਿਆ ਕਿ ਇਸ ਮਾਮਲੇ ਵਿਚ ਨਿਸ਼ਾਨ ਸਿੰਘ ਪਹਿਲਾਂ ਤੋਂ ਹੀ ਕਿਸੇ ਹੋਰ ਮਾਮਲੇ ਵਿਚ ਪੁਲਿਸ ਦੀ ਗਿ੍ਫ਼ਤ ਵਿਚ ਹੈ, ਜਦੋਂਕਿ ਕੰਵਰ ਬਾਠ, ਬਲਜੀਤ ਕੌਰ, ਰੈਂਬੋ ਤੇ ਨਿਸ਼ਨ ਸਿੰਘ ਦਾ ਸਾਲਾ ਅਨੰਤਦੀਪ ਤੇ ਜਗਦੀਪ ਕੰਗ ਨੂੰ ਗਿ੍ਫ਼ਤਾਰ ਕਤਾ ਗਿਆ ਹੈ | ਉਨ੍ਹਾਂ ਦਸਿਆ ਕਿ ਨਿਸ਼ਾਨ ਸਿੰਘ ਵਿਰੁਧ ਪਹਿਲਾਂ ਤੋਂ ਹੀ 14-15 ਮਾਮਲੇ ਦਰਜ ਹਨ ਤੇ ਉਹ ਦੋ ਕੁ ਮਹੀਨੇ ਪਹਿਲਾਂ ਹੀ ਜੇਲ 'ਚੋਂ ਬਾਹਰ ਆਇਆ ਸੀ | ਡੀਜੀਪੀ ਮੁਤਾਬਕ ਮੁਹਾਲੀ ਇੰਟੈਲੀਜੈਂਸ ਇਮਾਰਤ 'ਤੇ ਹੋਇਆ ਆਰਪੀਜੀ ਹਮਲਾ ਸੰਕੇਤਕ ਹਮਲਾ ਸੀ, ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲੱਗਦਾ ਹੈ ਕਿ ਹਮਲਾਵਰਾਂ ਨੇ ਵਾਰਦਾਤ ਦਾ ਸਮਾਂ ਰਾਤ ਦਾ ਚੁਣਿਆ ਤੇ ਉਸ ਵੇਲੇ ਅਫ਼ਸਰ ਇਮਾਰਤ ਵਿਚ ਮੌਜੂਦ ਨਹੀਂ ਹੁੰਦੇ | ਵਿਦੇਸ਼ ਬੈਠੇ ਗੁਰਪਤਵੰਤ ਸਿੰਘ ਪੰਨੂ ਵਲੋਂ ਪਿਛਲੇ ਦਿਨੀਂ ਵੱਖ-ਵੱਖ ਤਰ੍ਹਾਂ ਦੇ ਦਿਤੇ ਗਏ ਸੱਦਿਆਂ ਦਾ ਮੁਹਾਲੀ ਹਮਲੇ ਨਾਲ ਕੁਨੈਕਸ਼ਨ ਹੋਣ ਤੋਂ ਡੀਜੀਪੀ ਨੇ ਸਪਸ਼ਟ ਇਨਕਾਰ ਕਰ ਦਿਤਾ | ਹਾਲਾਂਕਿ ਉਨ੍ਹਾਂ ਕਿਹਾ ਕਿ ਪੁਲਿਸ ਤੇ ਆਰਮੀ ਨੂੰ ਅਤਿਵਾਦੀ ਅਕਸਰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ ਪਰ ਪੰਜਾਬ ਪੁਲਿਸ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਸਮਰੱਥ ਹੈ | ਉਨ੍ਹਾਂ ਕਿਹਾ ਕਿ ਇਹ ਉਹੀ ਪੰਜਾਬ ਪੁਲਿਸ ਹੈ, ਜਿਸ ਨੇ ਅਤਿਵਾਦ ਵੇਲੇ ਔਖੇ ਸਮੇਂ ਦਾ ਸਾਹਮਣਾ ਕੀਤਾ ਤੇ ਪੰਜਾਬ ਵਿਚ ਸ਼ਾਂਤੀ ਬਹਾਲ ਕਰਵਾਈ |