
ਗਿਆਸਪੁਰਾ ਗੈਸ ਕਾਂਡ ਨੂੰ 13 ਦਿਨ ਹੋ ਗਏ ਹਨ, ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ
ਗਿਆਸਪੁਰਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਗਿਆਸਪੁਰਾ ਸਥਿਤ ਆਦਰਸ਼ ਕਲੋਨੀ ਵਿਚ ਦੇਰ ਰਾਤ ਜ਼ਹਿਰੀਲਾ ਧੂੰਆਂ ਉੱਠਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇੱਥੇ ਫਲੈਟਾਂ ਦੇ ਕੋਲ ਕੂੜੇ ਦੇ ਡੰਪ ਨੂੰ ਕਿਸੇ ਨੇ ਅੱਗ ਲਗਾ ਦਿਤੀ। ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਦੀਆਂ ਅੱਖਾਂ ਵਿਚ ਜਲਨ ਅਤੇ ਸਾਹ ਲੈਣ ਵਿਚ ਦਿੱਕਤ ਆਉਣ ਲੱਗੀ। ਜ਼ਹਿਰੀਲਾ ਧੂੰਆਂ ਫੈਲਣ ਕਾਰਨ ਲੋਕ ਆਪਣੀ ਜਾਨ ਬਚਾਉਣ ਲਈ ਸੜਕ 'ਤੇ ਇਕੱਠੇ ਹੋ ਗਏ।
ਲੋਕ ਲਗਾਤਾਰ ਖੰਘ ਰਹੇ ਸਨ। ਇੱਕ ਵਿਅਕਤੀ ਬੇਹੋਸ਼ ਹੋ ਗਿਆ ਸੀ। ਕਈ ਲੋਕ ਕੁਝ ਸਮੇਂ ਲਈ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਇਲਾਕਾ ਵਾਸੀਆਂ ਨੇ ਦਸਿਆ ਕਿ ਦੇਰ ਰਾਤ ਕਿਸੇ ਨੇ ਕੂੜੇ ਨੂੰ ਅੱਗ ਲਗਾ ਦਿਤੀ, ਜਿਸ ਤੋਂ ਬਾਅਦ ਇਲਾਕੇ ਵਿਚ ਜ਼ਹਿਰੀਲਾ ਧੂੰਆਂ ਭਰ ਗਿਆ।
ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁਕੀਆਂ ਹਨ ਅਤੇ ਲੋਕਾਂ ਨੇ ਇਹ ਮਾਮਲਾ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਮੌਜੂਦਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਧਿਆਨ ਵਿਚ ਵੀ ਲਿਆਂਦਾ ਸੀ। ਇਸ ਮਾਮਲੇ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ।
ਲੋਕਾਂ ਅਨੁਸਾਰ ਜਦੋਂ ਵੀ ਜ਼ਹਿਰੀਲਾ ਧੂੰਆਂ ਉਠਦਾ ਹੈ ਤਾਂ ਲੋਕਾਂ ਨੂੰ ਘਰ ਛੱਡ ਕੇ ਇਧਰ-ਉਧਰ ਭੱਜਣਾ ਪੈਂਦਾ ਹੈ। ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ।
ਫਾਇਰ ਬ੍ਰਿਗੇਡ ਦਫਤਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਸਵੇਰੇ 12.05 ਵਜੇ ਦੇ ਕਰੀਬ ਆਦਰਸ਼ ਕਲੋਨੀ 'ਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਨਗਰ ਨਿਗਮ ਦਾ ਕੋਈ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਲੋਕਾਂ ਨੇ ਦਸਿਆ ਕਿ ਗਿਆਸਪੁਰਾ ਗੈਸ ਕਾਂਡ ਨੂੰ 13 ਦਿਨ ਹੋ ਗਏ ਹਨ, ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ। ਪਰ ਹਾਦਸੇ ਤੋਂ ਬਾਅਦ ਵੀ ਅਧਿਕਾਰੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।