
ਸੀਆਈਏ ਸਟਾਫ਼ ਨੂੰ ਬੀਤੀ ਰਾਤ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਮੱਧ ਪ੍ਰਦੇਸ਼ ਤੋਂ ਪੰਜਾਬ 'ਚ ਦਾਖ਼ਲ ਹੋਏ ਛੋਲਿਆਂ ਦੇ ਛਿਲਕੇ ਨਾਲ ਲੱਦੇ.....
ਅਬੋਹਰ, : ਸੀਆਈਏ ਸਟਾਫ਼ ਨੂੰ ਬੀਤੀ ਰਾਤ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਮੱਧ ਪ੍ਰਦੇਸ਼ ਤੋਂ ਪੰਜਾਬ 'ਚ ਦਾਖ਼ਲ ਹੋਏ ਛੋਲਿਆਂ ਦੇ ਛਿਲਕੇ ਨਾਲ ਲੱਦੇ ਇਕ ਟੱਕਰ ਦੀ ਤਲਾਸ਼ੀ ਦੌਰਾਨ 21 ਬੋਰੀਆਂ ਵਿਚ ਭਰਿਆ 5 ਕੁਇੰਟਲ 25 ਕਿਲੋ ਚੂਰਾ ਪੋਸਤ ਬਰਾਮਦ ਕੀਤਾ। ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸਐਸਪੀ ਡਾ. ਕੇਤਨ ਬਲੀਰਾਮ ਪਾਟੀਲ ਅਤੇ ਐਸਪੀ ਡੀ ਮੁਖਤਿਆਰ ਸਿੰਘ ਨੇ ਅੱਜ ਦੁਪਹਿਰ ਅਬੋਹਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਬੱਲੂਆਣਾ ਦੇ ਡੀਐਸਪੀ ਰਾਹੁਲ ਭਾਰਦਵਾਜ ਅਤੇ ਅਬੋਹਰ ਦੇ ਡੀਐਸਪੀ ਗੁਰਵਿੰਦਰ ਸਿੰਘ ਸਾਂਘਾ ਦੀ ਨਿਗਰਾਨੀ ਹੇਠ
ਸੀਆਈਏ ਸਟਾਫ਼ ਫ਼ਾਜ਼ਿਲਕਾ ਦੇ ਇੰਚਾਰਜ ਲਛਮਣ ਸਿੰਘ ਅਤੇ ਅਬੋਹਰ ਦੇ ਇੰਚਾਰਜ ਸੱਜਣ ਨੇ ਰਾਜਸਥਾਨ ਨੂੰ ਪੰਜਾਬ ਨਾਲ ਜੋੜਨ ਵਾਲੀ ਡੀਫ਼ੈਂਸ ਸੀਤੋ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਖੁਫ਼ੀਆ ਸੂਚਨਾ ਦੇ ਆਧਾਰ 'ਤੇ ਮੱਧ ਪ੍ਰਦੇਸ਼ ਤੋਂ ਪੰਜਾਬ ਵਿਚ ਦਾਖ਼ਲ ਹੋਣ ਉਪਰੰਤ ਬਠਿੰਡਾ ਵਲ ਕੂਚ ਕਰ ਰਹੇ ਟਰੱਕ ਨੰ. ਪੀਬੀ 03ਏਸੀ 9132 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਕਤ ਟਰੱਕ 'ਚ ਲੱਦੇ ਛੋਲਿਆਂ ਦੇ ਛਿਲਕੇ ਹੇਠ ਲੁਕਾ ਕੇ ਰੱਖੀਆਂ ਚੂਰਾ ਪੋਸਤ ਨਾਲ ਭਰੀਆਂ 21 ਬੋਰੀਆਂ ਬਰਾਮਦ ਕੀਤੀਆਂ। ਹਰ ਇਕ ਬੋਰੀ ਵਿਚ ਕਰੀਬ 25 ਕਿਲੋ ਪੋਸਤ ਸੀ।
ਐਸਐਸਪੀ ਨੇ ਦਸਿਆ ਕਿ ਪੁਲਿਸ ਪਾਰਟੀ ਨੇ ਮੌਕੇ 'ਤੇ ਹੀ ਟਰੱਕ ਡਰਾਈਵਰ ਅਮਰਜੋਤ ਸਿੰਘ ਉਰਫ਼ ਮਹਿਕਜੀਤ ਸਿੰਘ ਉਰਫ਼ ਮਹਿਕ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੁਗਰ ਥਾਣਾ ਗਿੱਲ ਕਲਾਂ ਜ਼ਿਲ੍ਹਾ ਬਠਿੰਡਾ ਨੁੰ ਗ੍ਰਿਫ਼ਤਾਰ ਕਰ ਲਿਆ। ਮੁਢਲੀ ਪੁੱਛ-ਗਿੱਛ ਦੌਰਾਨ ਪੁਲਿਸ ਪਾਰਟੀ ਨੂੰ ਪਤਾ ਲਗਾ ਕਿ ਟਰੱਕ ਅੱਗੇ ਟਰੱਕ ਦਾ ਮਾਲਕ ਗੁਰਜੀਤ ਸਿੰਘ ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਤੇ
ਉਸ ਦੇ ਸਾਥੀ ਨਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੰਡੀ ਕਲਾਂ ਜ਼ਿਲ੍ਹਾ ਬਠਿੰਡਾ ਤੇ ਸੱਤਪਾਲ ਧੀਗੜ ਨਾਮਕ ਵਿਅਕਤੀ ਨਿਗਰਾਨੀ ਕਰਦੇ ਹੋਏ ਚੱਲ ਰਹੇ ਸਨ, ਜੋ ਫ਼ਰਾਰ ਹੋ ਗਏ। ਪੁਲਿਸ ਨੇ ਉਕਤ ਚਾਰਾਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।