
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਸੂਬੇ ਵਿੱਚ ਕੋਵਿਡ ਦੇ
ਚੰਡੀਗੜ੍ਹ, 13 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਸੂਬੇ ਵਿੱਚ ਕੋਵਿਡ ਦੇ ਫੈਲਾਅ 'ਤੇ ਗੰਭੀਰ ਚਿੰਤਾਵਾਂ ਜ਼ਾਹਰ ਕਰਦਿਆਂ ਬਾਹਰੀ ਸੂਬਿਆਂ ਖਾਸ ਕਰਕੇ ਦਿੱਲੀ ਤੋਂ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਦੀ ਸਖਤ ਜਾਂਚ ਕਰਨ ਲਈ ਆਖਿਆ ਕਿਉਂ ਜੋ ਦਿੱਲੀ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ।
ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿਤਾ ਕਿ ਦਿੱਲੀ ਦੇ ਹਸਪਤਾਲ ਦੀ ਸਿਫ਼ਾਰਸ਼ 'ਤੇ ਇਥੇ ਬੈੱਡ ਰਾਖਵਾਂ ਕਰਵਾਉਣ ਉਪਰੰਤ ਪੰਜਾਬੀਆਂ ਦਾ ਕੋਵਿਡ ਦੇ ਇਲਾਜ ਲਈ ਦਿੱਲੀ ਤੋਂ ਪੰਜਾਬ ਆਉਣ 'ਤੇ ਸਵਾਗਤ ਹੈ। ਮੁੱਖ ਮੰਤਰੀ ਅੱਜ 'ਕੈਪਟਨ ਨੂੰ ਸਵਾਲ' ਦੀ ਅਗਲੀ ਲੜੀ ਤਹਿਤ ਫੇਸਬੁੱਕ 'ਤੇ ਲਾਈਵ ਹੁੰਦਿਆਂ ਇਕ ਸਵਾਲ ਦਾ ਜਵਾਬ ਦੇ ਰਹੇ ਸਨ।Êਦੂਜੇ ਸੂਬਿਆਂ ਨਾਲ ਲਗਦੀਆਂ ਪੰਜਾਬ ਦੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੇ ਪੰਜਾਬ ਨਾਲ ਲਗਦੇ ਅਪਣੇ ਬਾਰਡਰ ਸੀਲ ਕਰ ਦਿਤੇ ਹਨ ਪਰ ਹਰਿਆਣਾ ਅਤੇ ਦਿੱਲੀ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆ ਰਹੇ ਹਨ।
ਇਕੱਲੇ ਸ਼ੁਕਰਵਾਰ ਹੀ ਦਿੱਲੀ ਤੇ ਹਰਿਆਣਾ ਤੋਂ 6500 ਵਾਹਨ ਪੰਜਾਬ ਵਿਚ ਦਾਖ਼ਲ ਹੋਏ ਹਨ ਜਿਸ ਨਾਲ ਇਕ ਦਿਨ ਵਿਚ 20,000 ਨਵੇਂ ਲੋਕ ਪੰਜਾਬ ਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਪਾਜ਼ੇਟਿਵ ਕੇਸਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਦਾਖ਼ਲ ਹੋਣ ਦੇ ਨੇਮਾਂ ਨੂੰ ਹੋਰ ਸਖ਼ਤ ਕਰਨ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਪੰਜਾਬ ਵਿਚ ਕੁਲ 2986 ਕੇਸਾਂ ਵਿਚੋਂ 1471 ਕੇਸਾਂ ਵਿਚ ਬਾਹਰੀ ਲੋਕਾਂ ਅਤੇ ਉਨ੍ਹਾਂ ਦੇ ਸੰਪਰਕ ਨੂੰ ਲੱਭਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬਾ ਮੁਲਕ ਦੇ ਦੂਜੇ ਸੂਬਿਆਂ ਦੇ ਤੁਲਨਾਤਮਕ ਚੰਗਾ ਕਰ ਰਿਹਾ ਹੈ ਪਰ ਪੰਜਾਬ ਵਿੱਚ ਬਦਲ ਰਹੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਖਤ ਕਦਮ ਚੁੱਕਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਬੰਦਿਸ਼ਾਂ ਪਸੰਦ ਨਹੀਂ ਕਰਦਾ ਪਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਖਾਤਰ ਉਨ੍ਹਾਂ ਨੂੰ ਹਫ਼ਤੇ ਦੇ ਅੰਤਲੇ ਦਿਨ ਅਤੇ ਛੁੱਟੀ ਵਾਲੇ ਦਿਨ ਮਜਬੂਰਨ ਰੋਕਾਂ ਲਾਉਣੀਆਂ ਪਈਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਅੰਤਰ-ਰਾਜੀ ਆਵਾਜਾਈ 'ਤੇ ਬੰਦਿਸ਼ਾਂ ਵੀ ਬੇਲੋੜੇ ਸਮਾਜਿਕ ਮੇਲ-ਜੋਲ ਨੂੰ ਰੋਕਣ ਲਈ ਲਾਈਆਂ ਗਈਆਂ ਹਨ। ਸੂਬੇ ਵਿਚ ਇਕ ਦਿਨ 'ਚ 117 ਕੇਸ ਵਧਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਵਿਚ ਲੋਕਾਂ ਦੀ ਆਮਦ 'ਚ ਵੱਡਾ ਵਾਧਾ ਹੋਣ ਦਾ ਕਾਰਨ ਦਸਿਆ। ਉਨ੍ਹਾਂ ਕਿਹਾ ਕਿ ਮਹਿਜ਼ ਇਕ ਮਹੀਨੇ ਵਿਚ ਲਗਭਗ 43000 ਲੋਕ ਸੂਬੇ ਵਿਚ ਆਏ ਹਨ।
Captain Amarinder Singh
ਉਨ੍ਹਾਂ ਦਸਿਆ ਕਿ ਦੁਬਈ ਅਤੇ ਹੋਰਨਾਂ ਥਾਵਾਂ ਤੋਂ ਲੋਕਾਂ ਦੇ ਅੰਮ੍ਰਿਤਸਰ ਪਹੁੰਚਣ ਤੋਂ ਇਲਾਵਾ ਰੇਲ ਗੱਡੀਆਂ ਦਾ ਸਫ਼ਰ ਵੀ ਇਸ ਇਤਿਹਾਸਕ ਸ਼ਹਿਰ ਵਿਚ ਆ ਕੇ ਖਤਮ ਨਾਲ ਲੋਕਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਵੱਧ ਕੇਸ ਦੇਖੇ ਗਏ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ, ਪਟਿਆਲਾ ਅਤੇ ਗੁਰਦਾਸਪੁਰ ਵਰਗੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਲਾਉਣੀਆਂ ਜ਼ਰੂਰੀ ਹਨ।
Îਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਟੈਸਟਿੰਗ ਵਧਣ ਕਰਕੇ ਹੋਰ ਕੇਸ ਰਿਕਾਰਡ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਟੈਸਟਾਂ ਦੀ ਗਿਣਤੀ ਵਧਾ ਕੇ ਇਕ ਦਿਨ ਵਿੱਚ 20,000 ਕਰਨ ਲਈ ਆਧੁਨਿਕ ਮਸ਼ੀਨਾਂ ਦੀ ਖਰੀਦ ਕਰਨ ਦੀ ਪ੍ਰਕ੍ਰਿਆ ਅਧੀਨ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 165000 ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਸਿਹਤ ਮਾਹਿਰਾਂ ਦੀ ਸਲਾਹ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਵੇਲੇ ਕੋਵਿਡ ਵਿਰੁੱਧ ਟੈਸਟਿੰਗ ਕਰਨਾ ਹੀ ਇਕੋ-ਇਕ ਦਵਾਈ ਹੈ। ਉਨ੍ਹਾਂ ਖੁਲਾਸਾ ਕੀਤਾ ਕਿ 2986 ਪਾਜ਼ੇਟਿਵ ਕੇਸਾਂ ਵਿੱਚੋਂ 2282 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 532 ਨੂੰ ਏਕਾਂਤਵਾਸ ਸਹੂਲਤ ਵਿੱਚ ਰੱਖਿਆ ਗਿਆ ਅਤੇ ਸਿਰਫ 9 ਉਚ ਨਿਰਭਰਤਾ ਯੂਨਿਟਾਂ ਤੇ 2 ਮਰੀਜ਼ ਵੈਟੀਲੈਂਟਰ 'ਤੇ ਹਨ।