
ਕਿਸਾਨਾਂ, ਮਜ਼ਦੂਰਾਂ ਨੇ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਵਿਰੁਧ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ
ਫ਼ਿਰੋਜ਼ਪੁਰ, 14 ਜੂਨ (ਸੁਭਾਸ਼ ਕੱਕੜ) : ਅਕਾਲੀ-ਭਾਜਪਾ ਗਠਜੋੜ ਦੀ ਮੋਦੀ ਸਰਕਾਰ ਵੱਲੋਂ ਲਾਕਡਾਊਨ ਨੂੰ ਮੌਕੇ ਵਿੱਚ ਤਬਦੀਲ ਕਰਦਿਆਂ ਨੰਗੇ ਚਿੱਟੇ ਰੂਪ ਵਿਚ ਕਾਰਪੋਰੇਟ ਜਗਤ ਦੇ ਹੱਕ ਵਿੱਚ ਭੁਗਤਣ ਲਈ ਮੁੱਖ ਤਰਜੀਹ ਅਧਾਰ ਉੱਤੇ ਫੈਸਲੇ ਕੀਤੇ ਹਨ। ਇਨ੍ਹਾਂ ਫੈਸਲਿਆਂ ਨਾਲ 1 ਪ੍ਰਤੀਸ਼ਤ ਮਲਕ ਭਾਗੋਆਂ (ਸਰਮਾਏਦਾਰਾਂ) ਤੇ 99 ਪ੍ਰਤੀਸ਼ਤ ਕਿਸਾਨਾਂ ਮਜ਼ਦੂਰਾਂ ਦੇ ਰੂਪ ਵਿਚ ਭਾਈ ਲਾਲੋਆ ਦਰਮਿਆਨ ਖਾਈ ਹੋਰ ਡੂੰਘੀ ਹੋ ਗਈ ਹੇ। ਪਹਿਲਾਂ ਦੇਸ਼ ਦੇ 73 ਪ੍ਰਤੀਸ਼ਤ ਧਨ ਉੱਤੇ ਕਬਜ਼ੇ ਕਰੀ ਬੈਠੇ ਬੰਗਲਾ ਭਗਤਾਂ ਹੋਰ ਅਮੀਰ ਤੇ ਸੰਪੰਨ ਹੋਣਗੇ ਤੇ ਗਰੀਬ ਹੋਰ ਮੰਦਹਾਲੀ ਤੇ ਕੰਗਾਲੀ ਵੱਲ ਧੱਕੇ ਜਾਣਗੇ।
ਇਸ ਸਬੰਧੀ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੰਦੋਲਨ ਦੇ ਪੰਜਵੇਂ ਦਿਨ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਦਰਜਨਾਂ ਪਿੰਡਾਂ ਵਿਚ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ। ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਤੇ ਮੀਤ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਮਜ਼ਦੂਰ ਨਿਤਿਨ ਗਡਕਰੀ ਵੱਲੋਂ ਦਿੱਤੇ ਗਏ ਬਿਆਨ ਨੂੰ ਸਰਕਾਰ ਦੀ ਰਣਨੀਤੀ ਦਾ ਹਿੱਸਾ ਸਮਝਦੇ ਹਨ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਲੋਕਾਂ ਵਿਚ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਕਿੰਨੀ ਕੁ ਪੀੜ ਹੈ, ਜੋ ਕੇਂਦਰੀ ਮੰਤਰੀ ਦਾ ਬਿਆਨ ਸਰਕਾਰ ਦੇ ਇਰਾਦੇ ਜਾਹਿਰ ਕਰਦਾ ਹੈ ਤੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਲਈ ਮੌਤਾਂ ਦੀ ਘੰਟੀ ਹੈ। ਕਿਸਾਨੀ ਕਿੱਤਾ ਤਾਂ ਦੇਸ਼ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਹੈ ਜੋ 70 ਪ੍ਰਤੀਸ਼ਤ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਤੇਲ ਪਦਾਰਥਾਂ 'ਤੇ 7 ਪ੍ਰਤੀਸ਼ਤ ਟੈਕਸ ਲਗਾ ਕੇ ਖੁੱਲੀ ਮੰਡੀ ਤਹਿਤ ਕੀਮਤਾਂ ਤੈਅ ਕਰਨਾ ਛੱਡ ਦੇਣ ਨਾਲ ਤੇਲ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਵੱਖ ਵੱਖ ਥਾਵਾਂ 'ਤੇ ਰੋਸ ਮਾਰਚਾਂ ਨੂੰ ਰਣਬੀਰ ਸਿੰਘ ਠੱਠਾ, ਸਾਹਿਬ ਸਿੰਘ ਦੀਨੇ ਕੇ, ਧਰਮ ਸਿੰਘ ਸਿੱਧੂ, ਮੰਗਲ ਸਿੰਘ ਸਵਾਈ ਕੇ, ਨਰਿੰਦਰਪਾਲ ਸਿੰਘ ਜਤਾਲਾ, ਰਣਜੀਤ ਸਿੰਘ ਖੱਚਰਵਾਲਾ, ਹਰਫੂਲ ਸਿੰਘ, ਅੰਗਰੇਜ਼ ਸਿੰਘ ਬੂਟੇ ਵਾਲਾ, ਸੁਖਵੰਤ ਸਿੰਘ ਲੋਹੁਕਾ, ਲਖਵਿੰਦਰ ਸਿੰਘ, ਬਲਕਾਰ ਸਿੰਘ ਜੋਗੇਵਾਲਾ, ਸਾਹਿਬ ਸਿੰਘ ਤਲਵੰਡੀ, ਸੁਰਿੰਦਰ ਸਿੰਘ ਜਲਾਲਾਬਾਦ, ਗੁਰਭੇਜ ਸਿੰਘ, ਕੁਲਦੀਪ ਸਿੰਘ ਫੇਮੀ ਵਾਲਾ ਆਦਿ ਆਗੂ ਵੀ ਸ਼ਾਮਲ ਸਨ।