
ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਧਰਨਿਆਂ 'ਚ ਡਟੇ ਕਿਸਾਨ
ਸੰਯੁਕਤ ਕਿਸਾਨ ਮੋਰਚਾ ਦੇ ਨਵੇਂ ਐਲਾਨਾਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦਾ ਸੱਦਾ
ਚੰਡੀਗੜ੍ਹ, 13 ਜੂਨ (ਭੁੱਲਰ): ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਪੰਜਾਬ ਭਰ ਵਿਚ 32 ਕਿਸਾਨ-ਜਥੇਬੰਦੀਆਂ ਵਲੋਂ ਜਾਰੀ ਧਰਨਿਆਂ ਦਾ ਇਕੱਠ ਬਰਕਰਾਰ ਹੈ | ਭਲਕੇ ਕਿਸਾਨ-ਅੰਦੋਲਨ ਦੇ 200 ਦਿਨ ਪੂਰੇ ਹੋਣ 'ਤੇ ਦਿੱਲੀ-ਮੋਰਚਿਆਂ 'ਚ ਵੀ ਹੋਰ ਜਥੇ ਭੇਜਣ ਦਾ ਸੱਦਾ ਦਿਤਾ ਗਿਆ ਹੈ | ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 32 ਜਥੇਬੰਦੀਆਂ ਵਲੋਂ ਜਾਰੀ ਧਰਨੇ 256ਵੇਂ ਦਿਨ ਵੀ ਭਰਵੇਂ ਇਕੱਠਾਂ ਨਾਲ ਜਾਰੀ ਰਹੇ |
ਪੰਜਾਬ ਭਰ ਵਿਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਦਿ੍ੜ੍ਹ ਇਰਾਦਿਆਂ ਅੱਗੇ ਕੇਂਦਰ-ਸਰਕਾਰ ਦਾ ਅੜੀਅਲ ਰਵਈਆ ਜ਼ਰੂਰ ਟੁਟੇਗਾ ਅਤੇ ਸਰਕਾਰ ਨੂੰ 3 ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਵਾਪਸ ਲੈਣੇ ਪੈਣਗੇ | ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੰਦਿਆਂ ਕਿਸਾਨਾਂ ਦੀ ਲਾਮਬੰਦੀ ਵਧਾਉਣ ਦੀ ਦਿਸ਼ਾ ਵਿਚ ਕੁੱਝ ਨਵੇਂ ਫ਼ੈਸਲੇ ਲਏ ਹਨ, ਜਿਨ੍ਹਾਂ ਤਹਿਤ 14 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਹਾੜਾ ਮਨਾਇਆ ਜਾਵੇਗਾ | 24 ਜੂਨ ਨੂੰ ਸਾਰੀਆਂ ਸਰਹੱਦਾਂ, ਟੋਲ ਪਲਾਜ਼ਿਆਂ ਅਤੇ ਹੋਰ ਥਾਵਾਂ 'ਤੇ ਕਬੀਰ ਜੈਯੰਤੀ ਦੇ ਪ੍ਰੋਗਰਾਮ ਆਯੋਜਤ ਕੀਤੇ ਜਾਣਗੇ | 26 ਜੂਨ ਨੂੰ ਅੰਦੋਲਨ ਦੇ ਸੱਤ ਮਹੀਨਿਆਂ ਅਤੇ ਐਮਰਜੈਂਸੀ ਦੀ 46ਵੀਂਾ ਵਰ੍ਹੇਗੰਢ ਮੌਕੇ 'ਤੇ ਦੇਸ਼ ਭਰ ਦੇ
ਰਾਜ ਭਵਨਾਂ 'ਤੇ ਧਰਨੇ ਦਿੰਦਿਆਂ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਨਾਲ ਦੀ ਮੰਗ ਦੁਹਰਾਉਂਦਿਆਂ ਰਾਸ਼ਟਰਪਤੀ ਨੂੰ ਮੰਗ-ਪੱਤਰ ਭੇਜੇ ਜਾਣਗੇ | ਇਸ ਨਾਲ ਹੀ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਵਿਰੋਧ-ਪ੍ਰਦਰਸ਼ਨ ਹੋਣਗੇ | ਸੱਤਾਧਾਰੀ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਦਾ ਸ਼ਾਂਤਮਈ ਵਿਰੋਧ ਜਾਰੀ ਰਹੇਗਾ | ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਖੇਤੀ ਬਿਲਾਂ ਵਿਰੁਧ ਚਲ ਰਹੇ ਸੰਘਰਸ਼ ਨੇ ਪੰਜਾਬ ਦੇ ਰਾਜਨੀਤਕ-ਸਮਾਜਕ ਦਿ੍ਸ਼ 'ਤੇ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਹਨ | ਉਨ੍ਹਾਂ ਵਿਚੋਂ ਇਕ ਕਿਸਾਨ-ਮਜ਼ਦੂਰ ਏਕਤਾ ਦੇ ਨਾਹਰੇ ਦਾ ਪ੍ਰਚਲਤ ਹੋਣਾ ਹੈ | ਦਿੱਲੀ ਮੋਰਚਿਆਂ ਵਿਚ ਖੜੀਆਂ ਟਰਾਲੀਆਂ ਅਤੇ ਟੈਂਟਾਂ 'ਤੇ ਕਿਸਾਨ-ਮਜ਼ਦੂਰ ਏਕਤਾ ਦੇ ਬੈਨਰ ਲੱਗੇ ਆਮ ਹੀ ਨਜ਼ਰੀਂ ਪੈਂਦੇ ਹਨ |