
ਕੂੜੇ ਦਾ ਢੇਰ ਖਤਰਨਾਕ ਪੱਧਰ ਤੱਕ ਫ਼ੈਲਿਆ, ਪਰ ਭਾਜਪਾ ਅਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦਾ ਮਕਸਦ ਇਸਦਾ ਹੱਲ ਕਰਨਾ ਨਹੀਂ ਬਲਕਿ ਇਸਤੋਂ ਮੁਨਾਫ਼ਾ ਕਮਾਉਣਾ- ਕੰਗ
ਚੰਡੀਗੜ੍ਹ: ਡੱਡੂ ਮਾਜਰਾ ਵਿਖੇ ਸਥਿਤ ਕੂੜੇ ਦਾ ਢੇਰ ਅੱਜ ਖ਼ਤਰਨਾਕ ਪੱਧਰ ਤੱਕ ਫ਼ੈਲ ਚੁੱਕਾ ਹੈ। ਇਸਦੇ ਆਸ-ਪਾਸ ਰਹਿਣ ਵਾਲੇ ਲੋਕ ਲਗਾਤਾਰ ਇਸਦੀ ਵਜ੍ਹਾ ਕਾਰਨ ਚਮੜੀ ਅਤੇ ਸਾਹ ਦੇ ਰੋਗਾਂ ਸਮੇਤ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ ਪਰ ਪਿਛਲੇ 17 ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਬਣਾਉਣ ਵਾਲੀਆਂ ਪਾਰਟੀਆਂ ਭਾਜਪਾ ਅਤੇ ਕਾਂਗਰਸ ਨੇ ਇਸ ਗੰਭੀਰ ਮਸਲੇ ਵੱਲ ਕੋਈ ਧਿਆਨ ਨਹੀਂ ਦਿਤਾ ਸਗੋਂ ਵਾਰ-ਵਾਰ ਕੂੜੇ ਦਾ ਢੇਰ ਚੁਕਵਾਉਣ ਦੇ ਨਾਮ ‘ਤੇ ਆਪਣੀਆਂ ਮਨਪਸੰਦ ਕੰਪਨੀਆਂ ਨੂੰ ਠੇਕਾ ਦੇ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ। ਚੰਡੀਗੜ ਦੇ ਮੌਜੂਦਾ ਭਾਜਪਾ ਮੇਅਰ ਅਤੇ ਪ੍ਰਸ਼ਾਸ਼ਕ ਵਲੋਂ ਇਕ ਵਾਰ ਫ਼ਿਰ ਭਾਜਪਾਈ ਪਿੱਠਭੂਮੀ ਵਾਲੀ ਨਾਗਪੁਰ ਦੀ ‘ਨੀਰੀ ‘ਕੰਪਨੀ ਨੂੰ ਨਵਾਂ ਠੇਕਾ ਦੇ ਕੇ ਕੁਰੱਪਸ਼ਨ ਦੀ ਕਾਰਵਾਈ ਦੁਹਰਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਗ੍ਰੀਸ ਦੇ ਸਮੁੰਦਰ 'ਚ ਡੁੱਬੀ ਕਿਸ਼ਤੀ, ਹੁਣ ਤੱਕ 59 ਲੋਕਾਂ ਦੀ ਹੋਈ ਮੌਤ, 32 ਲਾਸ਼ਾਂ ਬਰਾਮਦ
ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ‘ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਡੱਡੂ ਮਾਜਰਾ ਡੰਮਪਿੰਗ ਗਰਾਊਂਡ ਵਿਖੇ ਫ਼ੈਲੇ ਕੂੜੇ ਦੇ ਵਿਸ਼ਾਲ ਢੇਰ ਨੂੰ ਚੁਕਵਾਉਣ ਦੇ ਨਾਮ 'ਤੇ ਹੋਏ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ। ਕੰਗ ਨੇ ਦਸਿਆ ਕਿ ਕਿਵੇਂ ਪਿਛਲੇ 17 ਸਾਲਾਂ ਤੋਂ ਚੰਡੀਗੜ੍ਹ ਮੇਅਰ ਦੀ ਕੁਰਸੀ 'ਤੇ ਕਾਬਜ਼ ਹੁੰਦੀ ਆ ਰਹੀ ਕਾਂਗਰਸ ਅਤੇ ਭਾਜਪਾ ਵਲੋਂ ਇਸ ਕੂੜੇ ਦੇ ਢੇਰ ਨੂੰ ਕੁਰੱਪਸ਼ਨ ਦੇ ਅੱਡੇ ਵਿਚ ਤਬਦੀਲ ਕਰਦਿਆਂ ਲੋਕਾਂ ਦੇ ਕਰੋੜਾਂ ਰੁਪਏ ਡਕਾਰ ਲਏ ਗਏ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਪਹੁੰਚੇ ਜੇਪੀ ਨੱਡਾ, ਕਿਹਾ- 'ਮੋਦੀ ਸਰਕਾਰ ਦੇ 9 ਸਾਲ ਚੰਗੇ ਸ਼ਾਸਨ ਦੇ ਰਹੇ, ਜੋ ਕਿਹਾ ਉਹ ਕੀਤਾ'
ਆਪਣੇ ਸੰਬੋਧਨ ਵਿਚ ਮਲਵਿੰਦਰ ਕੰਗ ਨੇ ਕਿਹਾ ਕਿ ਡੱਡੂ ਮਾਜਰਾ ਡੰਮਪਿੰਗ ਗਰਾਊਂਡ ਜਿਥੇ ਸਿਟੀ ਬਿਊਟੀਫੁੱਲ ਦੇ ਮੱਥੇ 'ਤੇ ਕਲੰਕ ਹੈ, ਉਥੇ ਇਸਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਚਮੜੀ ਅਤੇ ਸਾਹ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਖ਼ਤਰਨਾਕ ਪੱਧਰ ਤੱਕ ਫ਼ੈਲ ਚੁੱਕੇ ਇਸ ਕੂੜੇ ਦੇ ਢੇਰ ਕਾਰਨ ਜਿਥੇ ਇਲਾਕੇ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ, ਉੱਥੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਫ਼ੈਲ ਰਹੀ ਹੈ।
ਕਾਂਗਰਸ-ਭਾਜਪਾ ਨੂੰ ਕਰੜੇ ਹੱਥੀ ਲੈਂਦਿਆਂ ਕੰਗ ਨੇ ਦਸਿਆ ਕਿ ਕਿਵੇਂ ਇਸ ਗੰਭੀਰ ਮਾਮਲੇ 'ਤੇ ਦੋਵੇਂ ਇਕ ਦੂਜੇ ਉੱਪਰ ਦੋਸ਼ ਲਾਉਣ ਦੀ ਖੇਡ ਖੇਡਦਿਆਂ ਚੰਡੀਗੜ੍ਹ ਵਾਸੀਆਂ ਨੂੰ ਬੁੱਧੂ ਬਣਾਉਂਦੇ ਰਹੇ। ਹੁਣ ਫ਼ਿਰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਇਕ ਵਾਰ ਫ਼ਿਰ ਭਾਜਪਾਈ ਪਿੱਠਭੂਮੀ ਵਾਲੀ ਨਾਗਪੁਰ ਦੀ 'ਨੀਰੀ' ਕੰਪਨੀ ਨੂੰ ਇਸਦਾ ਠੇਕਾ ਦਿਤੇ ਜਾਣ ਦੇ ਚੰਡੀਗੜ੍ਹ ਨਿਗਮ ਦੇ ਤਾਨਾਸ਼ਾਹੀ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਵਿਚ ਚੰਡੀਗੜ੍ਹ ਤੋਂ ਭਾਜਪਾ ਸਾਂਸਦ ਕਿਰਨ ਖੇਰ ਵੀ ਸ਼ਾਮਲ ਹੈ।
ਮਲਵਿੰਦਰ ਕੰਗ ਨੇ ਬੀਤੇ ਦਿਨੀਂ ਸਦਨ ਵਿਚ ਕਿਰਨ ਖ਼ੇਰ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਪਾਸ ਕੀਤੇ ਜਾ ਰਹੇ ਮਤੇ ਦਾ ਵਿਰੋਧ ਕਰ ਰਹੇ 'ਆਪ ਕੌਂਸਲਰਾਂ ਲਈ ਭੱਦੀ ਸ਼ਬਦਾਵਲੀ ਵਰਤਣ ਨੂੰ ਮੰਦਭਾਗਾ ਦਸਿਆ। ਉਨ੍ਹਾਂ ਕਿਹਾ ਕਿ ਇਹ ਚੰਡੀਗੜ੍ਹ ਵਾਸੀਆਂ ਦੀ ਤ੍ਰਾਸਦੀ ਹੈ ਕਿ ਉਨ੍ਹਾਂ ਨੇ ਤਾਂ ਇਸ ਵਾਰ 'ਆਪ ਦੇ 14 ਕੌਂਸਲਰਾਂ ਨੂੰ ਅਗਵਾਈ ਲਈ ਚੁਣਿਆ ਪਰ ਭਾਜਪਾ ਨੇ ਸਾਮ-ਦਾਮ-ਦੰਡ-ਭੇਦ ਵਰਤਕੇ ਲੋਕਾਂ ਨਾਲ ਧੋਖਾ ਕੀਤਾ।
ਮਲਵਿੰਦਰ ਕੰਗ ਨੇ ਜ਼ੋਰ ਦੇ ਕੇ ਕਿਹਾ ਲੋਕਾਂ ਲਈ ਬਿਮਾਰੀਆਂ ਦਾ ਘਰ ਬਣ ਰਹੇ ਡੱਡੂ ਮਾਜਰਾ ਡੰਮਪਿੰਗ ਗਰਾਊਂਡ ਵਿਖੇ ਫ਼ੈਲ ਰਹੇ ਕੂੜੇ ਦੇ ਢੇਰ ਨੂੰ ਚੁਕਵਾਉਣਾ ਜ਼ਰੂਰੀ ਹੈ। ਇਸ ਲਈ ਕੰਪਨੀ ਨੂੰ ਠੇਕਾ ਦੇਣ ਦੀ ਕਵਾਇਦ ਪੂਰੀ ਪਾਰਦਰਸ਼ਤਾ ਅਤੇ ਸਦਨ ਵਿਚ ਵੋਟਿੰਗ ਨਾਲ ਹੋਣੀ ਚਾਹੀਦੀ ਹੈ। ਇਸ ਲਈ ਚੰਡੀਗੜ੍ਹ 'ਆਪ ਇਹ ਮੰਗ ਕਰਦੀ ਹੈ ਕਿ ਨਗਰ ਨਿਗਮ ਸਦਨ ਦਾ ਇਕ ਸਪੈਸ਼ਲ ਸ਼ੈਸ਼ਨ ਬੁਲਾਇਆ ਜਾਵੇ ਤਾਂ ਜੋ ਸਮੂਹ ਕੌਂਸਲਰਾਂ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਲਈ ਮੁਸੀਬਤ ਬਣੇ ਇਸ ਮਸਲੇ ਦਾ ਸਸਤਾ ਅਤੇ ਢੁੱਕਵਾਂ ਹੱਲ ਲੱਭਿਆ ਜਾ ਸਕੇ। ਇਸ ਮੌਕੇ ਮਲਵਿੰਦਰ ਕੰਗ ਦੇ ਨਾਲ ਚੰਡੀਗੜ੍ਹ ਦੇ ਕੌਂਸਲਰਾਂ ਸਮੇਤ ਸੀਨੀਅਰ ਲੀਡਰ ਪ੍ਰਦੀਪ ਛਾਬੜਾ ਅਤੇ ਪ੍ਰੇਮ ਗਰਗ ਵੀ ਹਾਜ਼ਰ ਸਨ।